ਨਵੀਂ ਦਿੱਲੀ: 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਹੋਈ ਹਿੰਸਕ ਕਾਰਵਾਈ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ‘ਚ ਖਾਲਿਸਤਾਨੀਆਂ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ। ਖਾਲਿਸਤਾਨੀ ਟਵਿਟਰ ਹੈਂਡਲ ਤੋਂ ਇਹ ਸਾਜ਼ਿਸ਼ ਘੜੀ ਗਈ ਹੈ। ਸਾਰੇ ਖਾਲਿਸਤਾਨੀ ਟਵਿਟਰ ਹੈਂਡਲਾਂ ਦੀ ਪਛਾਣ ਕਰ ਉਨ੍ਹਾਂ ਦੇ ਕੰਟੈਂਟ ਡੰਪ ਕੀਤੇ ਜਾ ਰਹੇ ਹਨ।


ਇਸ ਦੇ ਨਾਲ ਹੀ ਦੱਸ ਦਈਏ ਕਿ ਟਵਿਟਰ ਹੈਂਡਲ ਕਿੱਥੋਂ ਤੇ ਕਿਸ ਨੇ ਬਣਾਏ ਦਿੱਲੀ ਪੁਲਿਸ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਟਵਿਟਰ ਹੈਂਡਲਾਂ ਤੋਂ ਕਈ ਭੜਕਾਊ ਟਵੀਟ ਕੀਤੇ ਗਏ। ਦੱਸ ਦਈਏ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹਿੰਸਾ ਹੋਈ, ਜਿਸ ਨੇ ਮਾਹੌਲ ਨੂੰ ਕਾਫ਼ੀ ਤਣਾਅ ਭਰਿਆ ਕਰ ਦਿੱਤਾ। ਇਸ ਹਿੰਸਾ ‘ਚ ਕਰੀਬ 400 ਪੁਲਿਸ ਕਰਮੀਆਂ ਸਮੇਤ ਕਈ ਕਿਸਾਨ ਵੀ ਜ਼ਖ਼ਮੀ ਹੋਏ ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋਈ।

ਇਸ ਮਾਮਲੇ ‘ਤੇ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ IPC ਦੀ ਧਾਰਾ 186 (ਸਰਕਾਰੀ ਸੇਵਕ ਦੇ ਕੰਮ ਵਿਚ ਰੁਕਾਵਟ ਪਾਉਣ), ਧਾਰਾ 353 (ਸਰਕਾਰੀ ਨੌਕਰ ਨੂੰ ਆਪਣੀ ਡਿਊਟੀ ਤੋਂ ਰੋਕਣ ਲਈ ਹਮਲਾ), 308 (ਦੋਸ਼ੀ ਦੀ ਹੱਤਿਆ ਕਰਨ ਦੀ ਕੋਸ਼ਿਸ਼), 152 (ਦੰਗੇ ਦੌਰਾਨ ਸਰਕਾਰੀ ਨੌਕਰ 'ਤੇ ਹਮਲਾ), 397 (ਲੁੱਟ ਦੀ ਕੋਸ਼ਿਸ਼, ਡਕੈਤੀ ਨਾਲ ਹਮਲਾ) ਤੇ 307 (ਕਤਲ ਦੀ ਕੋਸ਼ਿਸ਼) ਅਧਿਨ ਇਲਜ਼ਾਮ ਲਾ ਕੇਸ ਦਰਜ ਕੀਤੇ ਹਨ।