Khalistan issue in Canada: ਕੈਨੇਡਾ ਵਿੱਚ ਖਾਲਿਸਤਾਨ ਪੱਖੀ ਐਕਟਿਵ ਹੋ ਗਏ ਹਨ। ਖਾਲਿਸਤਾਨੀ 9 ਅਕਤੂਬਰ ਨੂੰ ਪੰਜਾਬ ਵਿੱਚ ਕੈਨੇਡਾ ਥੈਂਕਸਗਿਵਿੰਗ ਡੇਅ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਵਿੱਚ ਕੇਂਦਰੀ ਤੇ ਰਾਜ ਦੀਆਂ ਖੁਫੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸ ਦੌਰਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਕੈਨੇਡਾ ਤੇ ਮਰਹੂਮ ਖਾਲਿਸਤਾਨੀ ਲੀਡਰ ਹਰਦੀਪ ਨਿੱਝਰ ਵਾਲਾ ਪੋਸਟਰ ਵਾਇਰਲ ਹੋ ਰਿਹਾ ਹੈ।
ਇਸ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਤੇ ਮਨੁੱਖੀ ਅਧਿਕਾਰਾਂ ਦੇ ਪ੍ਰੇਮੀ 9 ਅਕਤੂਬਰ ਨੂੰ ਕੈਨੇਡਾ ਨਾਲ ਥੈਂਕਸਗਿਵਿੰਗ ਡੇਅ ਮਨਾਉਣ। ਸੂਤਰਾਂ ਮੁਤਾਬਕ ਇਹ ਪੋਸਟਰ ਫਤਿਹਗੜ੍ਹ ਯੂਨਿਟ ਵੱਲੋਂ ਜਾਰੀ ਕੀਤਾ ਗਿਆ ਹੈ। ਪੋਸਟਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਸੰਸਦ ਮੈਂਬਰ ਸਿਰਮਨਜੀਤ ਸਿੰਘ ਮਾਨ, ਹਰਦੀਪ ਸਿੰਘ ਨਿੱਝਰ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਸਥਾਨਕ ਇਕਾਈ ਦੇ ਆਗੂਆਂ ਦੀਆਂ ਤਸਵੀਰਾਂ ਹਨ।
ਦੱਸ ਦਈਏ ਕਿ ਇਹ ਪ੍ਰੋਗਰਾਮ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਦਰਾਰ ਆਈ ਹੋਈ ਹੈ। ਖਾਲਿਸਤਾਨੀ ਲੀਡਰ ਹਰਦੀਪ ਨਿੱਝਰ ਦੇ ਕਤਲ ਦੇ ਮੁੱਦੇ 'ਤੇ ਦੋਵਾਂ ਦੇਸਾਂ ਵਿਚਾਲੇ ਕੁੜੱਤਣ ਹੈ। ਉਧਰ, ਕੈਨੇਡੀਅਨ ਖਾਲਿਸਤਾਨ ਸਮਰਥਕ ਹੁਣ ਭਾਰਤੀ ਡਿਪਲੋਮੈਟਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਸਰੀ ਸਥਿਤ ਸ੍ਰੀ ਗੁਰੂ ਨਾਨਕ ਗੁਰਦੁਆਰੇ ਵਿੱਚ ਤਿੰਨ ਭਾਰਤੀ ਡਿਪਲੋਮੈਟਾਂ ਦੇ ਕਤਲ ਦੀ ਮੰਗ ਵਾਲੇ ਪੋਸਟਰ ਲਾਏ ਗਏ ਹਨ।
ਦੱਸ ਦਈਏ ਕਿ ਇਹ ਉਹੀ ਗੁਰਦੁਆਰਾ ਹੈ ਜਿਸ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਸਨ। ਇਸ ਗੁਰਦੁਆਰੇ ਦੇ ਸਾਹਮਣੇ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ 21 ਅਕਤੂਬਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਦੇ ਸਾਹਮਣੇ 'ਕਿਲ ਇੰਡੀਆ' ਵਰਗੇ ਨਾਅਰਿਆਂ ਨਾਲ ਇੱਕ ਵਾਰ ਫਿਰ ਕਾਰ ਰੈਲੀ ਕਰਨ ਦੀ ਯੋਜਨਾ ਬਣਾਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।