World Cup Finals: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) 'ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ (Cricket World Cup final) 'ਚ ਸੁਰੱਖਿਆ 'ਚ ਕਮੀ ਦਾ ਮਾਮਲਾ ਗਰਮਾ ਗਿਆ ਹੈ। ਦੇਰ ਸ਼ਾਮ ਮੁਲਜ਼ਮ ਆਸਟ੍ਰੇਲੀਅਨ ਨਾਗਰਿਕ ਖ਼ਿਲਾਫ਼ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਨੌਜਵਾਨ ਵਿਰਾਟ ਕੋਹਲੀ ਕੋਲ ਪਹੁੰਚਿਆ ਸੀ। ਉਸ ਦੀ ਟੀ-ਸ਼ਰਟ 'ਤੇ 'ਫ੍ਰੀ ਫਲਸਤੀਨ' ('Free Palestine) ਲਿਖਿਆ ਹੋਇਆ ਸੀ। ਹੁਣ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (Khalistani terrorist organization Sikh for Justice ) ਨੇ ਇਸ ਮਾਮਲੇ 'ਚ ਐਂਟਰੀ ਕੀਤੀ ਹੈ।


ਸੁਰੱਖਿਆ ਵਿੱਚ ਨਜ਼ਰ ਆਈ ਵੱਡੀ ਲਾਪਰਵਾਹੀ


ਦੱਸ ਦੇਈਏ ਕਿ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ ਵਿੱਚ ਵੱਡੀ ਢਿੱਲ ਵੇਖੀ ਗਈ ਸੀ। ਇੱਕ ਫਲਸਤੀਨੀ ਸਮਰਥਕ ਅਚਾਨਕ ਖੇਡ ਮੈਦਾਨ ਵਿੱਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛੇ ਤੋਂ ਫੜ ਲਿਆ। ਇਸ ਨੌਜਵਾਨ ਦਾ ਨਾਮ ਵੇਨ ਜੌਨਸਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਜਾਨਸਨ 'ਫ੍ਰੀ ਫਲਸਤੀਨ' ਟੀ-ਸ਼ਰਟ ਪਹਿਨ ਕੇ ਮੈਦਾਨ 'ਚ ਪਹੁੰਚਿਆ। ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜੌਨਸਨ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਹਾਂ। ਮੈਂ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ 'ਤੇ ਪਹੁੰਚਿਆ ਸੀ। ਇਹ ਵਿਰੋਧ ਫਲਸਤੀਨ ਦੀ ਜੰਗ ਨੂੰ ਲੈ ਕੇ ਹੈ।


 


ਜੌਨਸਨ ਨੂੰ 10 ਦਾ ਇਨਾਮ 


ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਆਸਟ੍ਰੇਲੀਅਨ ਨਾਗਰਿਕ ਵੇਨ ਜੌਨਸਨ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇੱਕ ਵੀਡੀਓ ਵਿੱਚ ਪੰਨੂ ਨੇ ਵੀ ਭਾਰਤ ਦੇ ਖਿਲਾਫ਼ ਕਈ ਸਾਰੀਆਂ ਗੱਲਾਂ ਕਹੀਆਂ ਅਤੇ ਖਾਲਿਸਤਾਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, ਮੈਦਾਨ 'ਤੇ ਪਹੁੰਚ ਕੇ ਜੌਨਸਨ ਨੇ ਗਾਜ਼ਾ ਅਤੇ ਫਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ। ਇਸ ਦੇ ਲਈ SJI ਨੇ ਜੌਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਸੀਂ ਜੌਨਸਨ ਦੇ ਨਾਲ ਖੜੇ ਹਾਂ। ਉਨ੍ਹਾਂ ਖਾਲਿਸਤਾਨ ਅਤੇ ਫਲਸਤੀਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।


 


ਫਾਈਨਲ ਮੈਚ ਤੋਂ ਪਹਿਲਾਂ ਪੰਨੂ ਨੇ ਜਾਰੀ ਕੀਤਾ ਸੀ ਵੀਡੀਓ


ਇਸ ਤੋਂ ਪਹਿਲਾਂ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਹਿਮਦਾਬਾਦ 'ਚ ਵਿਸ਼ਵ ਕੱਪ ਫਾਈਨਲ ਨੂੰ 'ਬੰਦ' ਕਰਨ ਦੀ ਧਮਕੀ ਦਿੱਤੀ ਸੀ। ਉਸ ਨੇ ਫਾਈਨਲ ਮੈਚ ਵਿਚ ਵਿਘਨ ਪਾਉਣ ਲਈ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਪੰਨੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ। ਇਜ਼ਰਾਈਲ-ਹਮਾਸ ਯੁੱਧ 'ਤੇ ਭਾਰਤ ਦੇ ਰੁਖ਼ ਬਾਰੇ ਗੱਲ ਕਰਦੇ ਵੀ ਸੁਣਿਆ ਜਾ ਸਕਦਾ ਹੈ।


'ਲਗਾਤਾਰ ਵੀਡੀਓ ਜਾਰੀ ਕਰ ਕੇ ਧਮਕੀਆਂ ਦੇ ਰਿਹਾ ਹੈ ਪੰਨੂ'


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਨੂ ਨੇ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਫਲਸਤੀਨ ਜੰਗ ਤੋਂ ਸਿੱਖਣ ਦੀ ਧਮਕੀ ਦਿੱਤੀ ਸੀ। ਪਾਬੰਦੀਸ਼ੁਦਾ ਅਮਰੀਕਾ ਸਥਿਤ ਸਿੱਖ ਫਾਰ ਜਸਟਿਸ (SFJ) ਸੰਗਠਨ ਦੇ ਮੁਖੀ ਪੰਨੂ ਨੇ ਕਿਹਾ ਸੀ, ਪੰਜਾਬ ਤੋਂ ਲੈ ਕੇ ਫਲਸਤੀਨ ਤੱਕ, ਗੈਰ-ਕਾਨੂੰਨੀ ਕਬਜ਼ਿਆਂ ਅਧੀਨ ਲੋਕ ਪ੍ਰਤੀਕਿਰਿਆ ਕਰਨਗੇ ਅਤੇ ਹਿੰਸਾ ਹਿੰਸਾ ਨੂੰ ਜਨਮ ਦੇਵੇਗੀ। ਸਤੰਬਰ ਵਿੱਚ, ਪੰਨੂ ਵਿਰੁੱਧ ਭਾਰਤ-ਪਾਕਿਸਤਾਨ ਆਈਸੀਸੀ ਵਿਸ਼ਵ ਕੱਪ 2023 ਮੈਚ ਤੋਂ ਪਹਿਲਾਂ ਧਮਕੀਆਂ ਦੇਣ ਅਤੇ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਸੀ।