‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ।
‘ਖ਼ਾਲਸਾ ਏਡ’ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦੇ ਦੁਖੜੇ ਵੇਖ ਕੇ ਕੀਤੀ ਸੀ। ਇਹ ਜਥੇਬੰਦੀ ਦੁਨੀਆ ਭਰ ’ਚ ਹੜ੍ਹਾਂ, ਭੂਚਾਲ, ਅਕਾਲ ਜਿਹੀਆਂ ਕੁਦਰਤੀ ਤੇ ਜੰਗ ਜਿਹੀਆਂ ਹੋਰ ਆਫ਼ਤਾਂ ਦੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਪਿਛਲੇ 20 ਸਾਲਾਂ ਤੋਂ ਕਰ ਰਹੀ ਹੈ। ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਹੁਣ ਤੱਕ ਵਿਸ਼ਵ ’ਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ।
ਪਿਛਲੇ ਦਸੰਬਰ ਮਹੀਨੇ ‘ਖ਼ਾਲਸਾ ਏਡ’ ਨੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਲਈ ਇੱਕ ‘ਕਿਸਾਨ ਮੌਲ’ ਸਥਾਪਤ ਕੀਤਾ ਸੀ; ਜਿੱਥੋਂ ਕਿਸਾਨ ਆਪਣੀਆਂ ਰੋਜ਼ਮੱਰਾ ਦੀ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਬਿਲਕੁਲ ਮੁਫ਼ਤ ਲੈ ਸਕਦੇ ਹਨ। ‘ਖ਼ਾਲਸਾ ਏਡ’ ਵੱਲੋਂ ਕਿਸਾਨਾਂ ਲਈ ਇਸ ਮੌਲ ’ਤੇ ਦੰਦਾਂ ਵਾਲੇ ਬਰੱਸ਼, ਟੁੱਥਪੇਸਟ, ਸਾਬਣ, ਤੇਲ, ਸ਼ੈਂਪੂ, ਵੈਸਲੀਨ, ਕੰਘੀਆਂ, ਮਫ਼ਲਰ, ਹੀਟਿੰਗ ਪੈਡ਼, ਗੋਡਿਆਂ ਦੇ ਕੈਪਸ, ਥਰਮਲ ਸੂਟ, ਸ਼ਾਲਾਂ, ਕੰਬਲ ਤੇ ਹੋਰ ਵੀ ਕਈ ਵਸਤਾਂ ਉਪਲਬਧ ਕਰਵਾਈਆਂ ਗਈਆਂ ਹਨ।