Farmers Protest: ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਕਿਸਾਨ ਅੰਦੋਲਨ ਭਖ ਗਿਆ ਹੈ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਤੋਂ ਬਾਅਦ ਖਾਪ ਪੰਚਾਇਤਾਂ ਵੀ ਕਿਸਾਨਾਂ ਨਾਲ ਡਟ ਗਈਆਂ ਹਨ। ਕਿਸਾਨ ਅੰਦੋਲਨ ਬਾਰੇ ਅਗਲੀ ਰਣਨੀਤੀ ਲਈ ਅੱਜ ਹਰਿਆਣਾ ਦੇ ਜੀਂਦ ਵਿੱਚ ਖਾਪਾਂ ਦੀ ਮਹਾਪੰਚਾਇਤ ਹੋ ਰਹੀ ਹੈ। ਖਾਪਾਂ ਦੀ ਮਹਾਪੰਚਾਇਤ ਨਾਲ ਹਰਿਆਣਾ ਸਰਕਾਰ ਦੇ ਫਿਕਰ ਵੀ ਵਧ ਗਏ ਹਨ। 


ਹਾਸਲ ਜਾਣਕਾਰੀ ਮੁਤਾਬਕ ਕਿਸਾਨ ਅੰਦੋਲਨ ਸਬੰਧੀ ਜੀਂਦ ਦੇ ਉਚਾਨਾ ਕਲਾਂ ਦੇ ਤਹਿਸੀਲ ਕੰਪਲੈਕਸ ਵਿੱਚ ਕਿਸਾਨਾਂ ਤੇ ਖਾਪਾਂ ਦੀ ਮਹਾਂਪੰਚਾਇਤ ਹੋ ਰਹੀ ਹੈ। ਮਹਾਪੰਚਾਇਤ ਵਿੱਚ ਕੰਡੇਲਾ ਖਾਪ, ਦਲਾਲ ਖਾਪ, ਜੁਲਾਨਾ ਬਰਾਹ ਖਾਪ, ਉਝਾਨਾ ਖਾਪ, ਦਹਦਨ ਖਾਪ, ਨਹਿਰਾ ਖਾਪ, ਮਾਜਰਾ ਖਾਪ ਸਮੇਤ ਕਈ ਕਿਸਾਨ ਜਥੇਬੰਦੀਆਂ ਦੇ ਲੀਡਰ ਮੌਜੂਦ ਹਨ।


ਇਸ ਦੇ ਨਾਲ ਹੀ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸਰਕਾਰ ਸਾਹਮਣੇ 3 ਮੰਗਾਂ ਰੱਖੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰ੍ਹੋਂ ਤੇ ਬਾਜਰੇ ਦੀਆਂ ਫਸਲਾਂ ਨੂੰ ਵੀ ਐਮਐਸਪੀ ਵਿੱਚ ਜੋੜਿਆ ਜਾਣਾ ਚਾਹੀਦਾ ਹੈ। ਚੜੂਨੀ ਨੇ ਕਿਹਾ ਹੈ ਕਿ ਜੇਕਰ ਬਾਜਰੇ ਤੇ ਸਰ੍ਹੋਂ ਨੂੰ ਐਮਐਸਪੀ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਹਰਿਆਣਾ ਦੇ ਕਿਸਾਨ ਆਪਣੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਵਾਂਗ ਹਰਿਆਣੇ ਵਿੱਚ ਵੀ ਐਮਐਸਪੀ ਲਾਗੂ ਹੋਏ, ਨਹੀਂ ਤਾਂ ਹਰਿਆਣਾ ਦੇ ਕਿਸਾਨ ਵੀ ਲੜਾਈ ਲਈ ਤਿਆਰ ਹਨ।


ਇਹ ਵੀ ਪੜ੍ਹੋ: ਭੁੱਖ ਅਤੇ ਗ਼ਰੀਬੀ ਨਾਲ ਨਜਿੱਠਣ ਲਈ ਭਾਰਤ ਨੇ IBSA ਫੰਡ ਨੂੰ ਦਿੱਤੇ 1 ਮਿਲੀਅਨ ਡਾਲਰ, ਜਾਣੋ ਕੀ ਹੈ ਇਹ


ਉਧਰ, ਬੀਜੇਪੀ ਵਿੱਚ ਬਗਾਵਤ ਵੀ ਸ਼ੁਰੂ ਹੋ ਗਈ। ਹਰਿਆਣਾ ਦੇ ਹਿਸਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਸਰਕਾਰ ਵੱਲੋਂ ਸੜਕਾਂ ਜਾਮ ਕਰਨ, ਮੇਖਾਂ ਲਗਾਉਣ ਤੇ ਰਬੜ ਦੀਆਂ ਗੋਲੀਆਂ ਚਲਾਉਣ ਦੇ ਹੱਕ ਵਿੱਚ ਨਹੀਂ ਹਾਂ। 


ਉਨ੍ਹਾਂ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਰਿਹਾ ਹਾਂ। ਇਸ ਲਈ ਜੇ ਸਰਕਾਰ ਨੂੰ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਤਾਂ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ ਪਰ ਕਿਸਾਨ 250 ਕਿਲੋਮੀਟਰ ਦੂਰ ਹਨ ਤਾਂ ਦਿੱਲੀ ਨੂੰ ਆਉਣ-ਜਾਣ ਵਾਲੇ ਰਸਤੇ ਕਿਉਂ ਸੀਲ ਕੀਤੇ ਗਏ ਹਨ। ਇਹ ਸਮਝ ਤੋਂ ਪਰੇ ਹੈ।


ਇਹ ਵੀ ਪੜ੍ਹੋ: 31 ਮਾਰਚ 2024 ਤੱਕ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ, ਸਰਕਾਰ ਨੇ ਪਾਬੰਦੀ ਹਟਾਉਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ