ਰੋਹਤਕ: ਜ਼ਿਮਨੀ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਐਤਵਾਰ ਨੂੰ ਚੋਣ ਪ੍ਰਚਾਰ ਲਈ ਫਤਿਹਾਬਾਦ ਪਹੁੰਚੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੀਜੇਪੀ ਨੂੰ ਆੜੇ ਹੱਥੀਂ ਲਿਆ ਤਾਂ ਬੀਜੇਪੀ ਨੇ ਵੀ ਉਸ ਨਾਲ ਘੱਟ ਨਾ ਕੀਤੀ। ਸੁਖਬੀਰ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਬਹੁਤ ਸਾਰੇ ਅਕਾਲੀ ਦਲ ਲੀਡਰ ਉਨ੍ਹਾਂ ਕੋਲ ਸਮਝੌਤਾ ਕਰਨ ਲਈ ਪਹੁੰਚੇ ਸੀ ਪਰ ਉਨ੍ਹਾਂ ਕਿਹਾ ਕਿ ਉਹ ਅਕਾਲੀਆਂ ਨਾਲ ਸਮਝੌਤਾ ਨਹੀਂ ਕਰ ਸਕਦੇ, ਬਲਕਿ ਉਨ੍ਹਾਂ ਕਿਹਾ ਕਿ ਉਹ SYL ਦਾ ਪਾਣੀ ਹਰਿਆਣਾ ਨੂੰ ਦੇ ਦੇਣ, ਉਹ ਇੱਕ ਨਹੀਂ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਮੁਫ਼ਤ ਦੇ ਦੇਣਗੇ।


ਦੱਸ ਦੇਈਏ ਫਤਿਹਾਬਾਦ ਵਿੱਚ ਸੁਖਬੀਰ ਬਾਦਲ ਨੇ ਅੱਜ ਹੀ ਜਾਰੀ ਹੋਏ ਬੀਜੇਪੀ ਦੇ ਮੈਨੀਫੈਸਟੋ 'ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿੱਚ ਬੀਜੇਪੀ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਇਸ 'ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਫ਼ਨੇ ਵੇਖ ਰਹੇ ਹਨ, ਉਹ ਵਿਰੋਧੀ ਖੇਮੇ ਵਿੱਚ ਬੈਠਣਗੇ। ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਰਸਾ ਤੇ ਫਤਿਹਾਬਾਦ ਦੀ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੇਗੀ ਤੇ ਇਹੀ ਹਾਲ ਰੋਹਤਕ ਵਾਲੇ ਪਾਸੇ ਦਾ ਵੀ ਹੈ।


ਖੱਟਰ ਬੀਜੇਪੀ ਉਮੀਦਵਾਰ ਬਲਕੌਰ ਸਿੰਘ ਲਈ ਵੋਟਾਂ ਦੀ ਅਪੀਲ ਕਰਨ ਪਹੁੰਚੇ ਸਨ। ਮੁੱਖ ਮੰਤਰੀ ਨੇ ਲੋਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਸੰਬੋਧਨ ਕੀਤਾ ਤੇ ਨਾਲ ਹੀ ਭਗਵਾਨ ਵਾਲਮੀਕਿ ਦੀ ਜੈਯੰਤੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਝੂਠ ਤੇ ਸੱਚ ਦੀ ਲੜਾਈ ਹੈ। ਉਨ੍ਹਾਂ ਆਪਣੇ ਉਮੀਦਵਾਰ ਲਈ ਲੋਕਾਂ ਕੋਲੋਂ ਵੋਟਾਂ ਦੀ ਮੰਗ ਕੀਤੀ।