ਨਵੀਂ ਦਿੱਲੀ: ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਫਿਰ ਸੋਨੀਪਤ ਕੁੰਡਲੀ ਸਰਹੱਦ ਤੋਂ ਜੰਤਰ-ਮੰਤਰ ਲਈ ਕਿਸਾਨਾਂ ਦਾ ਜੱਥਾ ਰਵਾਨਾ ਹੋਇਆ। ਦੱਸ ਦਈਏ ਕਿ 22 ਜੁਲਾਈ ਤੋਂ ਕਿਸਾਨਾਂ ਦਾ ਜੱਥਾ ਜੰਤਰ-ਮੰਤਰ 'ਚ ਖੇਤੀਬਾੜੀ ਦੇ ਵਿਰੋਧ 'ਚ ਕਿਸਾਨ ਸੰਸਦ ਲਾ ਰਿਹਾ ਹੈ। ਅੱਜ ਇਸ ਵਿਰੋਧ ਪ੍ਰਦਰਸ਼ਨ ਦਾ 4ਵਾਂ ਦਿਨ ਹੈ। ਸ਼ਨੀਵਾਰ ਤੇ ਐਤਵਾਰ ਛੁੱਟੀ ਹੋਣ ਕਰਕੇ ਕਿਸਾਨ ਸੰਸਦ ਨਹੀਂ ਲਾਈ ਗਈ ਸੀ। ਕਿਸਾਨਾਂ ਤੇ ਸਰਕਾਰ ਦਰਮਿਆਨ ਲਗਾਤਾਰ ਰੇੜਕਾ ਬਣਿਆ ਹੋਇਆ ਹੈ।


26 ਨਵੰਬਰ 2020 ਤੋਂ ਹੁਣ ਤਕ ਦਿੱਲੀ ਦੀਆਂ ਸਰਹੱਦਾਂ 'ਚ ਹਜ਼ਾਰਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਕਿਸਾਨਾਂ ਤੇ ਸਰਕਾਰ ਦਰਮਿਆਨ 12 ਦੌਰ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਤਾਂ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋ ਜਾਣ।


ਜਦੋਂ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਹੈ, ਕਿਸਾਨ ਜਥੇਬੰਦੀਆਂ ਲਗਾਤਾਰ ਇਸ ਰਣਨੀਤੀ ਦੇ ਤਹਿਤ ਸਰਕਾਰ ਨੂੰ ਘੇਰ ਰਹੀਆਂ ਹਨ। ਕਿਸਾਨ ਬੀਤੀ 22 ਜੁਲਾਈ ਤੋਂ ਲਗਾਤਾਰ ਜੰਤਰ-ਮੰਤਰ ਪਹੁੰਚ ਕੇ ਕਿਸਾਨ ਸੰਸਦ 'ਚ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਰਕਾਰ ਦਾ ਵਿਰੋਧ ਕਰ ਰਹੇ ਹਨ। ਅੱਜ ਵੀ ਸੋਨੀਪਤ ਕੁੰਡਲੀ ਸਰਹੱਦ ਤੋਂ 200 ਕਿਸਾਨਾਂ ਦਾ ਜੱਥਾ 5 ਬੱਸਾਂ 'ਚ ਸਵਾਰ ਹੋ ਕੇ ਜੰਤਰ-ਮੰਤਰ ਲਈ ਰਵਾਨਾ ਹੋਇਆ।


ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰੀ ਸੰਸਦ ਨੂੰ ਵਿਖਾਉਣਾ ਚਾਹੁੰਦੇ ਹਾਂ ਕਿ ਕਿਸਾਨ ਆਪਣੀਆਂ ਮੰਗਾਂ ਲਈ ਲਗਾਤਾਰ ਅੰਦੋਲਨ ਕਰ ਰਹੇ ਹਨ ਤੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਅਸੀਂ ਜੰਤਰ-ਮੰਤਰ ਵਿਖੇ ਕਿਸਾਨ ਸੰਸਦ 'ਚ ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਾਂ ਤੇ ਸਰਕਾਰ 'ਚ ਬੈਠੇ ਆਗੂਆਂ ਨੂੰ ਇਹ ਵਿਖਾਉਣਾ ਚਾਹੁੰਦੇ ਹਾਂ ਕਿ ਸਾਡਾ ਅੰਦੋਲਨ ਉਦੋਂ ਤਕ ਚਲੇਗਾ, ਜਦੋਂ ਤਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ।