ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਆਮ ਆਦਮੀ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਹੁਣ ਬਿਨਾ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 769 ਰੁਪਏ ਤੋਂ ਵਧ ਕੇ 794 ਰੁਪਏ ਹੋ ਗਏ ਹਨ। ਵਧੀਆਂ ਕੀਮਤਾਂ ਅੱਜ 25 ਫ਼ਰਵਰੀ, 2021 ਤੋਂ ਲਾਗੂ ਹੋ ਗਈਆਂ ਹਨ।
ਇਸ ਮਹੀਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਅੱਜ 25 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਇਸ ਤੋਂ ਪਹਿਲਾਂ 4 ਫ਼ਰਵਰੀ ਨੂੰ LPG ਭਾਵ ਰਸੋਈ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ 15 ਫ਼ਰਵਰੀ ਨੂੰ ਇੱਕ ਵਾਰ ਫਿਰ ਸਿਲੰਡਰ ਦੀ ਕੀਮਤ 50 ਰੁਪਏ ਵਧਾ ਦਿੱਤੀ ਗਈ ਸੀ ਤੇ ਅੱਜ ਤੀਜੀ ਵਾਰ 25 ਰੁਪਏ ਦਾ ਵਾਧਾ ਹੋਰ ਕਰ ਦਿੱਤਾ ਗਿਆ ਹੈ।
1 ਦਸੰਬਰ, 2020 ਨੂੰ ਗੈਸ ਸਿਲੰਡਰ ਦੀ ਕੀਮਤ 594 ਰੁਪਏ ਤੋਂ ਵਧ ਕੇ 644 ਰੁਪਏ ਹੋਈ ਸੀ। ਇੰਝ ਪਿਛਲੇ ਤਿੰਨ ਮਹੀਨਿਆਂ ਦੌਰਾਨ ਰਸੋਈ ਗੈਸ ਦੀ ਕੀਮਤ ਵਿੱਚ ਪ੍ਰਤੀ ਸਿਲੰਡਰ 200 ਰੁਪਏ ਤੱਕ ਦਾ ਵਾਧਾ ਹੋ ਗਿਆ ਹੈ।
ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਦੀ ਕੀਮਤ ਵਿੱਚ ਤਬਦੀਲੀ ਹੁੰਦੀ ਹੈ। ਇਸ ਵਾਰ ਇੱਕ ਫ਼ਰਵਰੀ ਨੂੰ ਸਿਰਫ਼ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 190 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੀ ਰਾਜਧਾਨਾ ਵਿੱਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1533.00 ਰੁਪਏ ਕੋਲਕਾਤਾ ਵਿੱਚ 1598.50 ਰੁਪਏ, ਮੁੰਬਈ ’ਚ 1482.50 ਰੁਪਏ ਅਤੇ ਚੇਨਈ ’ਚ 1649.00 ਰੁਪਏ ਹੋ ਗਈ ਹੈ।