ਨਵੀਂ ਦਿੱਲੀ: ਵੋਟਾਂ ਦੇ ਆਖ਼ਰੀ ਪੜਾਅ ਦੌਰਾਨ ਪੀਐਮ ਨਰੇਂਦਰ ਮੋਦੀ ਉੱਤਰਾਖੰਡ ਦੇ ਕੇਦਾਰਨਾਥ ਮੰਦਰ ਪਹੁੰਚੇ। ਇੱਥੇ ਉਨ੍ਹਾਂ ਮੰਦਰ ਵਿੱਚ ਪੂਜਾ ਕੀਤੀ ਤੇ ਉੱਥੇ ਹੀ ਇੱਕ ਗੁਫ਼ਾ ਅੰਦਰ ਰਾਤ ਕੱਟੀ। ਗੁਫ਼ਾ ਵਿੱਚ ਬੈਠੇ ਪੀਐਮ ਮੋਦੀ ਦੀ ਤਪੱਸਿਆ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਇਸ ਬਾਅਦ ਉਸ ਗੁਫ਼ਾ ਦੇ ਕਾਫੀ ਚਰਚੇ ਹੋ ਰਹੇ ਹਨ। ਇਸ ਦਾ ਨਾਂ 'ਰੁਦਰ ਗੁਫ਼ਾ' ਹੈ।

ਦੱਸ ਦੇਈਏ ਇਹ ਗੁਫ਼ਾ ਕੇਦਾਰਨਾਥ ਮੰਦਰ ਤੋਂ ਲਗਪਗ ਇੱਕ ਕਿਮੀ ਦੂਰ ਖੱਬੇ ਪਾਸੇ ਪਹਾੜੀ 'ਤੇ ਬਣਾਈ ਗਈ ਹੈ। ਇਸ ਨੂੰ ਬਣਾਉਣ ਦਾ ਕੰਮ ਅਪਰੈਲ ਵਿੱਚ ਸ਼ੁਰੂ ਹੋਇਆ ਸੀ। ਇਸ 'ਤੇ ਕਰੀਬ ਸਾਢੇ ਅੱਠ ਲੱਖ ਰੁਪਏ ਦਾ ਖ਼ਰਚ ਆਇਆ ਹੈ। ਇਸ ਗੁਫ਼ਾ ਨੂੰ ਆਮ ਲੋਕ ਵੀ ਬੁੱਕ ਕਰਵਾ ਸਕਦੇ ਹਨ। ਇੱਕ ਦਿਨ ਲਈ 990 ਰੁਪਏ ਕਿਰਾਇਆ ਰੱਖਿਆ ਗਿਆ ਹੈ। ਹਾਲਾਂਕ ਕੋਈ ਵੀ ਸ਼ਖ਼ਸ 3 ਦਿਨਾਂ ਤੋਂ ਵੱਧ ਨਹੀਂ ਠਹਿਰ ਸਕਦਾ। ਜ਼ਰੂਰੀ ਕੰਮ ਹੋਣ 'ਤੇ ਹੀ ਗੁਫ਼ਾ ਵਿੱਚ ਰੁਕਣ ਦੀ ਮਿਆਦ ਵਧਾਈ ਜਾ ਸਕੇਗੀ।

ਸਮੁੰਦਰ ਤਲ ਤੋਂ ਕਰੀਬ 12 ਹਜ਼ਾਰ ਫੁੱਟ 'ਤੇ ਬਣੀ ਇਸ ਗੁਫ਼ਾ ਅੰਦਰ ਖ਼ਾਸ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਵਿੱਚ ਬੈਡ, ਬਾਥਰੂਮ, ਬਿਜਲੀ, ਟੈਲੀਫੋਨ ਆਦਿ ਦੀ ਸਹੂਲਤ ਹੈ। ਇਸ ਦੇ ਇਲਾਵਾ ਸਵੇਰ ਦੀ ਚਾਹ, ਨਾਸ਼ਤਾ ਤੇ ਦੁਪਹਿਰ ਤੇ ਸ਼ਾਮ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਪਰ ਇਸ ਲਈ ਵੱਖਰੇ ਤੌਰ 'ਤੇ ਪੈਸੇ ਦੇਣੇ ਪੈਣਗੇ।

ਗੁਫ਼ਾ ਵਿੱਚ ਇੱਕ ਘੰਟੀ ਲਾਈ ਗਈ ਹੈ ਤਾਂ ਕਿ ਕੁਝ ਲੋੜ ਪੈਣ 'ਤੇ ਸਹਾਇਕ ਨੂੰ ਬੁਲਾਇਆ ਜਾ ਸਕੇ। ਪੀਐਮ ਮੋਦੀ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਗੁਫ਼ਾ ਅੰਦਰ ਸੀਸੀਟੀਵੀ ਕੈਮਰੇ ਵੀ ਲਾਏ ਗਏ ਸੀ। ਦੱਸ ਦੇਈਏ gmvnl.in 'ਤੇ ਜਾ ਕੇ ਇਸ ਗੁਫ਼ਾ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ। ਕੇਦਾਰਨਾਥ ਵਿੱਚ ਇਸ ਤਰ੍ਹਾਂ ਦੀਆਂ 5 ਹੋਰ ਗੁਫ਼ਾਵਾਂ ਦਾ ਨਿਰਮਾਣ ਹੋਣਾ ਹੈ। ਪੀਐਮ ਮੋਦੀ ਤੋਂ ਪਹਿਲਾਂ ਇੱਥੇ ਸਿਰਫ ਇੱਕ ਸ਼ਖ਼ਸ ਹੀ ਰਿਹਾ ਹੈ। ਇਸ ਨੂੰ ਟ੍ਰਾਇਲ ਵਜੋਂ ਬਣਾਇਆ ਗਿਆ ਹੈ।