ਚੰਡੀਗੜ੍ਹ: ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਸੰਗਠਨ ਜੈਸ਼-ਏ-ਮੁਹੰਮਦ ਨੇ ਇੱਕ ਵਾਰ ਫਿਰ ਭਾਰਤੀ ਸੀਆਰਪੀਐਫ ਜਵਾਨਾਂ ਦੇ ਕਾਫਲੇ ਉੱਤੇ ਕਾਇਰਾਨਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਹਨ। ਜੈਸ਼ ਦੇ ਅੱਤਵਾਦੀ ਆਦਿਲ ਅਹਿਮਦ ਨੇ ਬਾਰੂਦ ਨਾਲ ਭਰੀ ਗੱਡੀ ਸੀਆਰਪੀਐਫ ਦੇ ਕਾਫਲੇ ਨਾਲ ਟਕਰਾ ਦਿੱਤੀ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਜੈਸ਼-ਏ-ਮੁਹੰਮਦ ਵੱਲੋਂ ਅਜਿਹਾ ਹਮਲਾ ਪਹਿਲੀ ਵਾਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਜਥੇਬੰਦੀ ਭਾਰਤ ਵਿੱਚ ਵੱਡੇ ਹਮਲਿਆਂ ਨੂੰ ਅੰਜਾਮ ਦੇ ਚੁੱਕੀ ਹੈ। ਇਨ੍ਹਾਂ ਹਮਲਿਆਂ ਵਿੱਚੋਂ ਸੰਸਦ ਭਵਨ, ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਦੇ ਗੇਟ ’ਤੇ ਧਮਾਕਾ, ਪਠਾਨਕੋਟ ਹਮਲਾ ਤੇ ਉੜੀ ਦਾ ਹਮਲਾ ਸ਼ਾਮਲ ਹਨ।
ਜੈਸ਼-ਏ-ਮੁਹੰਮਦ ਵੱਲੋਂ ਕੀਤੇ ਵੱਡੇ ਹਮਲੇ
24 ਸਤੰਬਰ 2001: ਇਸ ਹਮਲੇ ਵਿੱਚ ਜੈਸ਼ ਨੇ ਅੱਤਵਾਦੀ ਵਿਸਫੋਟਕਾਂ ਨਾਲ ਭਰੀ ਕਾਰ ਸ੍ਰੀਨਗਰ ਵਿੱਚ ਵਿਧਾਨ ਸਭਾ ਨਾਲ ਟਕਰਾ ਦਿੱਤੀ ਸੀ। ਇਸ ਦੌਰਾਨ ਕਈ ਹੋਰ ਅੱਤਵਾਦੀ ਵੀ ਵਿਧਾਨ ਸਭਾ ਦੀ ਪੁਰਾਣੀ ਇਮਾਰਤ ਵਿੱਚ ਵੜ ਗਏ ਤੇ ਉੱਥੇ ਅੱਗ ਲਾ ਦਿੱਤੀ। ਇਸ ਘਟਨਾ ਵਿੱਚ 38 ਜਣੇ ਮਾਰੇ ਗਏ ਸੀ।
13 ਦਸੰਬਰ 2001: ਇਸ ਦਿਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਭਾਰਤੀ ਸੰਸਦ ਭਵਨ ’ਤੇ ਹਮਲਾ ਬੋਲਿਆ ਸੀ। ਸਫੈਦ ਰੰਗ ਦੀ ਅੰਬੈਸਡਰ ਕਾਰ ਸੰਸਦ ਭਵਨ ਵੱਲ ਜਾ ਰਹੀ ਸੀ ਪਰ ਸੁਰੱਖਿਆ ਬਲਾਂ ਦੀ ਮੁਸਤੈਦੀ ਕਰਕੇ ਕਾਰ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ।
2 ਜਨਵਰੀ 2016: ਪੰਜਾਬ ਦੇ ਪਠਾਨਕੋਟ ਵਿੱਚ ਹਵਾਈ ਫੌਜ ਦੇ ਟਿਕਾਣੇ ’ਤੇ ਵੀ ਜੈਸ਼-ਏ-ਮੁਹੰਮਦ ਨੇ ਹਮਲਾ ਕੀਤਾ ਸੀ। ਚਾਰ ਅੱਤਵਾਦੀਆਂ ਨੇ ਮਿਲ ਕੇ ਏਅਰਫੋਰਸ ਬੇਸ ’ਤੇ ਹਮਲਾ ਕੀਤਾ। ਅੱਤਵਾਦੀ ਫੌਜ ਦੀ ਵਰਦੀ ਪਾ ਕੇ ਬੇਸ ਅੰਦਰ ਵੜੇ ਸੀ। ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਦੱਸੇ ਗਏ ਸੀ। ਭਾਰਤੀ ਫੌਜ ਨੇ ਚਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਦੌਰਾਨ ਹੋਏ ਮੁਕਾਬਲੇ ਵਿੱਚ 3 ਭਾਰਤੀ ਜਵਾਨ ਵੀ ਸ਼ਹੀਦ ਹੋਏ ਸਨ।
18 ਸਤੰਬਰ 2016: ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਸਰਹੱਦ ਕੋਲ ਅੱਤਵਾਦੀਆਂ ਨੇ ਆਰਮੀ ਹੈਡ ਕੁਆਰਟਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਫੌਜ ਦੇ 18 ਜਵਾਨ ਸ਼ਹੀਦ ਹੋਏ ਸੀ ਪਰ ਬਹਾਦਰੀ ਵਿਖਾਉਂਦਿਆਂ ਭਾਰਤੀ ਜਵਾਨਾਂ ਨੇ ਸਾਰੇ 4 ਅੱਤਵਾਦੀ ਮਾਰ ਮੁਕਾਏ ਸੀ।