ਚੰਡੀਗੜ੍ਹ: ਇੱਥੇ ਪੋਸਟ ਆਫਿਸ ਦੀ ਗੜਬੜੀ ਕਰਕੇ ਇੱਕ ਪਾਰਸਲ ਪੰਜਾਬ ਦੀ ਥਾਂ ਸਿੱਧਾ ਚੀਨ ਚਲਾ ਗਿਆ। ਦਰਅਸਲ ਡਾਕ ਵਿਭਾਗ ਦੇ ਮੁਲਾਜ਼ਮ ਫਰੀਦਕੋਟ ਸਥਿਤ ਚੈਨਾ (chaina) ਨੂੰ ਚੀਨ ਸਮਝ ਬੈਠੇ। ਇਸ ਗ਼ਲਤੀ ਦੀ ਵਜ੍ਹਾ ਕਰਕੇ ਹੁਣ ਚੰਡੀਗੜ੍ਹ ਦੇ ਜਨਰਲ ਪੋਸਟ ਆਫਿਸ (ਜੀਪੀਓ) ਨੂੰ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ।

ਚੰਡੀਗੜ੍ਹ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਆਪਣੀ ਮਾਂ ਲਈ ਪੰਜਾਬ ਦੇ ਫਰੀਦਕੋਟ ਦੇ ਪਤੇ ’ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਭੇਜਣੀਆਂ ਸੀ। ਇਸ ਲਈ ਲਈ ਪੋਸਟਲ ਸੇਵਾ ਵਿੱਚ ਮਾਂ ਦੇ ਘਰ ਦਾ ਪੂਰਾ ਪਤਾ ਤੇ ਪਿੰਨ ਨੰਬਰ ਵੀ ਦਿੱਤਾ ਸੀ। ਹਾਲਾਂਕਿ ਪਾਰਸਲ ਉਨ੍ਹਾਂ ਦੀ ਮਾਂ ਦੇ ਪਤੇ ’ਤੇ ਨਹੀਂ ਪੁੱਜਾ ਬਲਕਿ ਪੋਸਟ ਕਰਨ ਦੇ 13 ਦਿਨ ਬਾਅਦ ਬਕਸਾ ਉਨ੍ਹਾਂ ਦੇ ਘਰ ਵਾਪਸ ਆ ਗਿਆ।

ਇਸ ਦੇ ਬਾਅਦ ਬਲਵਿੰਦਰ ਕੌਰ ਨੇ ਜਦੋਂ ਇੰਟਰਨੈਟ ਤੋਂ ਕਨਸਾਈਨਮੈਂਟ ਨੰਬਰ ਤੋਂ ਪਾਰਸਲ ਟਰੈਕ ਕੀਤਾ ਤਾਂ ਪਤਾ ਲੱਗਾ ਕਿ ਪਾਰਸਲ ਚੀਨ ਦੇ ਬੀਜਿੰਗ ਤਕ ਜਾ ਚੁੱਕਾ ਸੀ। ਪੋਸਟ ਹੋਣ ਦੇ 9 ਦਿਨ ਤਕ ਬਕਸਾ ਚੰਡੀਗੜ੍ਹ ਤੋਂ ਦਿੱਲੀ ਤੇ ਫਿਰ ਚੀਨ ਤਕ ਚਲਾ ਗਿਆ ਸੀ। ਇਸ ਦੇ 4 ਦਿਨਾਂ ਬਾਅਦ ਬਕਸਾ ਭਾਰਤ ਵਾਪਸ ਭੇਜ ਦਿੱਤਾ ਗਿਆ।

ਹਾਲਾਂਕਿ ਪੋਸਟ ਆਫਿਸ ਨੇ ਗ਼ਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੋਸਟ ਆਫਿਸ ਵੱਲੋਂ ਸੇਵਾ ਵਿੱਚ ਕੋਈ ਕਮੀ ਨਹੀਂ, ਬਲਕਿ ਇਹ ਗ਼ਲਤੀ ਭਰਮ ਦੀ ਵਜ੍ਹਾ ਕਰਕੇ ਹੋਈ ਹੈ। ਬਲਵਿੰਦਰ ਕੌਰ ਨੇ ਕੰਜ਼ਿਊਮਰ ਫੋਰਮ ਵਿੱਚ ਇਸ ਦੀ ਸ਼ਿਕਾਇਤ ਕੀਤੀ ਜਿਸ ਪਿੱਛੋਂ ਫੋਰਮ ਨੇ ਪੋਸਟ ਆਫਿਸ ਦੀ ਝਾੜਝੰਬ ਕੀਤੀ।