ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀਆਂ ਹਨ। ਵਿਆਹ ਤੋਂ ਪਹਿਲਾਂ ਹੀ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀਆਂ ਹਸਤੀਆਂ ਵਿਆਹ ਵਿੱਚ ਸ਼ਾਮਲ ਹੋਣ ਲਈ ਪੁੱਜ ਰਹੀਆਂ ਹਨ। ਈਸ਼ਾ ਦਾ ਵਿਆਹ ਪਿਰਾਮਲ ਰੀਐਲਟੀ ਦੇ ਸੰਸਥਾਪਕ ਆਨੰਦ ਪਿਰਾਮਲ ਨਾਲ ਹੋ ਰਿਹਾ ਹੈ। ਆਨੰਦ ਪਿਰਾਮਲ ਪੇਂਡੂ ਖੇਤਰਾਂ ਦੀ ਸਿਹਤ ਦੇਖਭਾਲ ਨਾਲ ਵੀ ਜੁੜਿਆ ਰਿਹਾ ਹੈ। ਇਸ ਲਈ ਉਸ ਨੇ ਪਿਰਾਮਲ ਸਵਾਸਥ ਦੀ ਸਥਾਪਨਾ ਕੀਤੀ। ਉਹ ਪਿਰਾਮਲ ਸਮੂਹ ਦਾ ਕਾਰਜਕਾਰੀ ਨਿਰਦੇਸ਼ਕ ਵੀ ਹੈ ਤੇ ਅਜੈ ਪਿਰਾਮਲ ਦਾ ਪੁੱਤਰ ਹੈ।
ਆਨੰਦ ਪਿਰਾਮਲ ਦੀ ਉਮਰ 32 ਸਾਲ ਹੈ। ਆਨੰਦ ਨੇ ਪੈਂਸਿਲਵੇਨੀਆ ਯੂਨੀਵਰਸਿਟੀ ਤੋਂ ਇਕਨਾਮਿਕਸ ਵਿੱਚ ਗਰੈਜੁਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਹਾਰਵਰਡ ਬਿਜ਼ਨੈਸ ਸਕੂਲ ਤੋਂ ਬਿਜ਼ਨੈਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ ਗਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਪੇਂਡੂ ਸਿਹਤ ਖੇਤਰ ਵਿੱਚ ਪਹਿਲ ਕਰਦਿਆਂ ‘ਪਿਰਾਮਲ ਸਵਾਸਥ’ ਦੀ ਸ਼ੁਰੂਆਤ ਕੀਤੀ। ਪਿਰਾਮਲ ਸਵਾਸਥ ਪੇਂਡੂ ਖੇਤਰਾਂ ਵਿੱਚ ਅੱਜ ਪ੍ਰਤੀ ਦਿਨ 40 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਇਲਾਜ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਆਨੰਦ ਪਿਰਾਮਲ ‘ਇੰਡੀਅਨ ਮਰਚੈਂਟ ਚੈਂਬਰ’ ਦੇ ਨੌਜਵਾਨ ਵਿੰਗ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਰਹਿ ਚੁੱਕਾ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਆਨੰਦ ਨੇ ਮਹਾਂਬਲੇਸ਼ਵਰ ਵਿੱਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਨੂੰ ਪ੍ਰੋਪੋਜ਼ ਕੀਤਾ ਸੀ। ਮਈ ਮਹੀਨੇ ਵਿੱਚ ਇੱਕ ਨਿੱਜੀ ਪਾਰਟੀ ਜ਼ਰੀਏ ਇਸ ਰਿਸ਼ਤੇ ਦਾ ਜਸ਼ਨ ਮਨਾਇਆ ਗਿਆ ਸੀ। ਇਟਲੀ ਦੇ ਲੇਕ ਕੋਮੋ ਵਿੱਚ ਸਤੰਬਰ ਮਹੀਨੇ ਦੋਵਾਂ ਦੀ ਮੰਗਣੀ ਹੋਈ ਸੀ। ਉਸ ਵੇਲੇ ਵੀ ਦੁਨੀਆ ਨੇ ਇਸ ਪਰਿਵਾਰ ਦੇ ਸ਼ਾਹੀ ਅੰਦਾਜ਼ ਦਾ ਨਜ਼ਾਰਾ ਵੇਖਿਆ ਸੀ।