ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੁਝ ਟਵਿੱਟਰ ਅਕਾਊਂਟਸ ਨੂੰ ਬੰਦ ਕਰਵਾਉਣ ਲਈ ਜਦੋਂ ਕੇਂਦਰ ਸਰਕਾਰ ਮਾਈਕ੍ਰੋਬਲੌਗਿੰਗ ਸਾਈਟ ਟਵਿੱਟਰ ਨਾਲ ਉਲਝੀ ਹੋਈ ਹੈ, ਉਸ ਸਮੇਂ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਤੇ ਵਿਭਾਗਾਂ ਨੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਦਾ ਘਰੇਲੂ ਸੰਸਕਰਣ ਕਹੇ ਜਾਣ ਵਾਲੇ Koo ਐਪ 'ਤੇ ਆਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇਸ ਐਪ ਨੇ ਥੋੜ੍ਹੀ ਰਫ਼ਤਾਰ ਫੜ੍ਹੀ ਤਾਂ ਇਸ ਤੇ ਕਈ ਸਵਾਲ ਵੀ ਉੱਠਣ ਲੱਗੇ। ਸਭ ਤੋਂ ਵੱਡਾ ਸਵਾਲ ਇਹ ਕਿ ਆਖਰ ਇਹ ਕਿੰਨਾ ਕੁ ਸਰੁੱਖਿਅਤ ਹੈ।
ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਅੰਦਰ ਇਸ ਐਪ ਦੇ 30 ਲੱਖ ਡਾਉਨਲੋਡ ਹੋਣ ਦੀ ਖ਼ਬਰ ਹੈ। ਬਹੁਤ ਸਾਰੇ ਭਾਰਤੀ ਇਹ ਸੋਚ ਰਹੇ ਸੀ ਕਿ ਉਹ ਆਪਣੀ ਦੇਸੀ ਆਤਮ ਨਿਰਭਰ ਐਪ ਇਸਤਮਾਲ ਕਰ ਰਹੇ ਹਨ ਪਰ ਇੱਕ ਵੱਡੇ ਖੁਲਾਸੇ ਨੇ ਹੁਣ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇੱਕ ਫ੍ਰੈਂਚ ਸੁਰੱਖਿਆ ਖੋਜਕਰਤਾ ਮੁਤਾਬਕ Koo ਬਿਲਕੁੱਲ ਵੀ ਸੁਰੱਖਿਅਤ ਨਹੀਂ ਤੇ ਮੌਜੂਦਾ ਸਮੇਂ ਵਿੱਚ ਉਹ ਬਹੁਤ ਸਾਰਾ ਡਾਟਾ ਜਿਵੇਂ ਫੋਨ ਨੰਬਰ, ਈਮੇਲ ਆਈਡੀ ਤੇ ਡੇਟ ਆਫ ਬਰਥ ਲੀਕ ਕਰ ਰਿਹਾ ਹੈ।
ਟਵਿੱਟਰ 'ਤੇ ਇਲੀਅਟ ਐਂਡਰਸਨ ਦੇ ਤੌਰ' ਤੇ ਮਸ਼ਹੂਰ ਫ੍ਰੈਂਚ ਸਾਈਬਰਸਕ੍ਰਿਯਟੀ ਖੋਜਕਰਤਾ ਰੌਬਟ ਬੈਪਟਿਸਟ ਨੇ Koo App ਨੂੰ ਵੇਖਿਆ ਹੈ ਤੇ ਪਾਇਆ ਹੈ ਕਿ ਇਹ ਕਾਫ਼ੀ ਹੱਦ ਤੱਕ ਲੀਕ ਐਪ ਹੈ। ਰੌਬਟ ਨੇ ਪਹਿਲਾਂ ਆਧਾਰ ਪ੍ਰਣਾਲੀ ਵਿੱਚ ਕਈ ਕਮਜ਼ੋਰੀਆਂ ਨੂੰ ਉਜਾਗਰ ਕਰਨ ਤੋਂ ਬਾਅਦ ਸੁਰਖੀਆਂ ਬਟੋਰੀਆਂ ਸੀ। ਉਸ ਨੇ ਹੋਰ ਤਕਨੀਕੀ ਸੇਵਾਵਾਂ ਦੀਆਂ ਕਈ ਸੁਰੱਖਿਆ ਕਮਜ਼ੋਰੀਆਂ ਤੇ ਕਮੀਆਂ ਨੂੰ ਵੀ ਉਜਾਗਰ ਕੀਤਾ ਹੈ।
ਟਵਿੱਟਰ ਵੱਲੋਂ ਪੱਤਰਕਾਰਾਂ, ਸਿਆਸਤਦਾਨਾਂ ਤੇ ਕਾਰਕੁਨਾਂ ਦੇ ਟਵਿੱਟਰ ਅਕਾਊਂਟ ਕਿਸਾਨ ਅੰਦੋਲਨ ਵਿਚਾਲੇ ਬੰਦ ਕਰਨ ਤੋਂ ਇਨਕਾਰ ਕਰਨ ਬਹੁਤ ਸਾਰੇ ਲੋਕਾਂ ਨੇ ਇੱਕ ਆਤਮ ਨਿਰਭਰ ਸੋਸ਼ਲ ਮੀਡੀਆ ਐਪ ਤੇ ਜਾਣਾ ਸ਼ੁਰੂ ਕਰ ਦਿੱਤਾ। ਹੁਣ, ਇਲੈਕਟ੍ਰਾਨਿਕਸ ਤੇ ਇਨਫਰਮੇਸ਼ਨ ਟੈਕਨੋਲੋਜੀ (MeitY) ਤੇ ਹੋਰ ਸਰਕਾਰੀ ਵਿਭਾਗਾਂ ਨੇ ਵੀ Koo 'ਤੇ ਹੈਂਡਲਜ ਦੀ ਤਸਦੀਕ ਕੀਤੀ ਹੈ।
ਸਿਰਫ ਰੌਬਟ ਹੀ ਨਹੀਂ ਇੱਕ ਹੋਰ ਯੂਜ਼ਰ ਨੇ ਵੀ ਟਵੀਟ ਕਰਕੇ ਇਸ ਦੇ ਡੇਟਾ ਲੀਕ ਹੋਣ ਦਾ ਜ਼ਿਕਰ ਕੀਤਾ ਹੈ। ਰੌਬਟ ਬੈਪਟਿਸਟ ਨੇ ਡੋਮੇਨ Kooapp.com ਲਈ ਵੋਇਸ ਰਿਕਾਰਡ ਵੀ ਸਾਂਝਾ ਕੀਤਾ, ਜੋ ਚੀਨੀ ਕੁਨੈਕਸ਼ਨ ਦਰਸਾਉਂਦਾ ਹੈ ਪਰ ਇਹ ਬਿਲਕੁਲ ਸਹੀ ਨਹੀਂ। ਰਿਕਾਰਡ ਦੱਸਦਾ ਹੈ ਕਿ ਇਹ ਕਰੀਬ ਚਾਰ ਸਾਲ ਪਹਿਲਾਂ ਬਣਾਇਆ ਗਿਆ ਸੀ ਤੇ ਉਦੋਂ ਤੋਂ ਕਈ ਵਾਰ ਹੈਂਡਲ ਬਦਲ ਚੁੱਕੇ ਹਨ।