ਦਿੱਲੀ: ਗਿਆਨਪੀਠ ਚੋਣ ਬੋਰਡ ਨੇ ਅੱਜ ਦੱਸਿਆ ਕਿ ਮਸ਼ਹੂਰ ਹਿੰਦੀ ਸਾਹਿਤਕਾਰ ਕ੍ਰਿਸ਼ਨਾ ਸੋਬਤੀ ਨੂੰ ਇਸ ਸਾਲ ਦੇ ਗਿਆਨਪੀਠ ਐਵਾਰਡ ਲਈ ਚੁਣਿਆ ਗਿਆ ਹੈ। ਬੋਰਡ ਨੇ ਇੱਕ ਬਿਆਨ 'ਚ ਕਿਹਾ, 'ਗਿਆਨਪੀਠ ਚੋਣ ਬੋਰਡ ਨੇ ਅੱਜ ਦੀ ਮੀਟਿੰਗ 'ਚ ਸਾਲ 2017 ਲਈ 53ਵੇਂ ਗਿਆਨਪੀਠ ਐਵਾਰਡ ਦਾ ਐਲਾਨ ਕੀਤਾ ਤੇ ਇਹ ਐਵਾਰਡ ਮਸ਼ਹੂਰ ਹਿੰਦੀ ਸਾਹਿਤਕਾਰ ਕ੍ਰਿਸ਼ਨਾ ਸੋਬਤੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ।'
ਸਾਲ 1925 'ਚ ਗੁਜਰਾਤ (ਹੁਣ ਪਾਕਿਸਤਾਨ 'ਚ) 'ਚ ਜਨਮੀ ਸੋਬਤੀ (92 ਸਾਲ) ਨੂੰ ਨਵੀਂ ਲੇਖਣ ਸ਼ੈਲੀ ਦੇ ਕੀਤੇ ਗਏ ਤਜਰਬਿਆਂ ਤੇ ਆਪਣੀਆਂ ਕਹਾਣੀਆਂ 'ਚ ਬੇਬਾਕ ਤੇ ਬਹਾਦੁਰ ਪਾਤਰਾਂ ਦੀ ਸਿਰਜਣਾ ਲਈ ਜਾਣਿਆ ਜਾਂਦਾ ਹੈ, ਜੋ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਰਹਿੰਦੇ ਹਨ। ਉਨ੍ਹਾਂ ਦੀ ਭਾਸ਼ਾ 'ਤੇ ਹਿੰਦੀ, ਉਰਦੂ ਤੇ ਪੰਜਾਬੀ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਵਿਦਵਾਨ, ਲੇਖਕ ਤੇ ਆਲੋਚਕ ਨਾਮਵਰ ਸਿੰਘ ਦੀ ਪ੍ਰਧਾਨਗੀ ਵਾਲੇ ਚੋਣ ਬੈਂਚ ਨੇ ਕਿਹਾ ਕਿ ਸੋਬਤੀ ਲੀਹ ਤੋਂ ਹੱਟਵੀਂ ਨਾਵਲਕਾਰ ਹੈ। ਉਨ੍ਹਾਂ ਹਿੰਦੀ ਸਾਹਿਤ ਨੂੰ ਹੋਰ ਅਮੀਰ ਕੀਤਾ ਹੈ। ਚੋਣ ਬੋਰਡ 'ਚ ਗਿਰੀਸ਼ਵਰ ਮਿਸ਼ਰਾ, ਸ਼ਮੀਮ ਹਨਫੀ, ਹਰੀਸ਼ ਤ੍ਰਿਵੇਦੀ, ਸੁਰਜਨ ਦਾਸ, ਰਮਾਕਾਂਤ ਰਾਠ, ਚੰਦਰਕਾਂਤ ਪਾਟਿਲ, ਆਲੋਕ ਰਾਏ, ਸੀ ਰਾਧਾਕ੍ਰਿਸ਼ਨਨ, ਮਧਿਸੂਧਨ ਆਨੰਦ ਤੇ ਲੀਲਾਧਰ ਮੰਡਲੋਈ ਸ਼ਾਮਲ ਸਨ। ਲੇਖਿਕਾ ਦੀਆਂ ਚੋਣਵੀਆਂ ਕਿਤਾਬਾਂ 'ਚ ਡਾਰ ਸੇ ਬਿਛੁੜੀ, ਮਿਤਰੋ ਮਰਜਾਣੀ, ਜ਼ਿੰਦਗੀਨਾਮਾ, ਦਿਲ-ਓ-ਦਾਨਿਸ਼, ਬਾਦਲੋਂ ਕੇ ਘੇਰੇ, ਐ ਲੜਕੀ ਤੇ ਗੁਜਰਾਤ ਪਾਕਿਸਤਾਨ ਸੇ ਗੁਜਰਾਤ ਹਿੰਦੁਸਤਾਨ ਸ਼ਾਮਲ ਹਨ। ਲੇਖਿਕਾ ਦੀਆਂ ਕਈ ਕਿਤਾਬਾਂ ਕਈ ਭਾਰਤੀ ਭਾਸ਼ਾਵਾਂ ਸਮੇਤ ਸਵੀਡਿਸ਼, ਰੂਸੀ ਤੇ ਅੰਗਰੇਸ਼ੀ 'ਚ ਵੀ ਅਨੁਵਾਦ ਹੋ ਚੁੱਕੀਆਂ ਹਨ।