ਯਮੁਨਾਨਗਰ: ਇੱਥੋਂ ਦੇ ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨਾਲ ਹੋਏ ਬਲਾਤਕਾਰ ਦਾ ਇਨਸਾਫ ਤਾਂ ਕੀ ਮਿਲਣਾ ਸੀ ਸਗੋਂ ਉਲਟਾ ਪ੍ਰਸ਼ਾਸਨ ਨੇ ਸਕੂਲ ਵਿੱਚੋਂ ਹੀ ਕੱਢ ਦਿੱਤਾ। ਸਕੂਲ ਪ੍ਰਸ਼ਾਸਨ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਬਜਾਏ ਖੁਦ ਹੀ ਮਾਮਲੇ ਦੀ ਜਾਂਚ ਕਰਨ ਲੱਗਿਆ ਤੇ ਨੌਵੀਂ ਦੀਆਂ ਦੋਵੇਂ ਵਿਦਿਆਰਥਣਾਂ ਨੂੰ ਸਕੂਲ ਤੋਂ ਕੱਢ ਦਿੱਤਾ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਿਸੇ ਨੇ ਗੁਪਤ ਸ਼ਿਕਾਇਤ ਬਾਲ ਸੁਰੱਖਿਆ ਕਮਿਸ਼ਨ ਪੰਚਕੁਲਾ ਨੂੰ ਕਰ ਦਿੱਤੀ। ਫਿਲਹਾਲ ਟੀਮ ਰੇਡ ਕਰਨ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਗੱਲ ਕਹਿ ਰਹੇ ਹਨ ਤੇ ਸਕੂਲ ਪ੍ਰਸ਼ਾਸਨ 'ਤੇ ਵੀ ਜਾਂਚ ਕਰ ਰਹੇ ਹਨ।

ਦਰਅਸਲ ਤਕਰੀਬਨ 15 ਦਿਨ ਪਹਿਲਾਂ ਯਮੁਨਾਨਗਰ ਦੇ ਸਰਕਰੀ ਸਕੂਲ ਕੈਂਪ ਦੀਆਂ ਦੋ ਨੌਂਵੀਂ ਜਮਾਤ ਦੀਆਂ ਵਿਦਿਆਰਥਣਾਂ ਗਾਇਬ ਹੋ ਗਈਆਂ ਸਨ ਪਰ ਬਾਅਦ 'ਚ ਪਤਾ ਚੱਲਿਆ ਕਿ ਉਨ੍ਹਾਂ ਨਾਲ ਬਲਾਤਕਾਰ ਦੀ ਵਾਰਦਾਤ ਵਾਪਰੀ ਹੈ। ਵਾਰਦਾਤ ਨੂੰ ਦੋ ਲੜਕਿਆਂ ਨੇ ਅੰਜਾਮ ਦਿੱਤਾ। ਦੋਵੇਂ ਵਿਦਿਆਰਥਣਾਂ ਨਾਬਾਲਿਗ ਸੀ। ਜਦੋਂ ਸਕੂਲ ਪ੍ਰਿੰਸੀਪਲ ਤੱਕ ਪੂਰੀ ਗੱਲ ਪਹੁੰਚੀ ਤਾਂ ਉਸ ਨੇ ਜਾਂਚ ਦਾ ਜਿੰਮਾ ਸਕੂਲ ਦੇ ਚਪੜਾਸੀ ਨੂੰ ਦੇ ਦਿੱਤਾ। ਉਸ ਨੇ ਸਾਰੀ ਪੜਤਾਲ ਕਰਨ ਉਪਰੰਤ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ। ਉਲਟਾ ਸਕੂਲ ਪ੍ਰਸਾਸ਼ਨ ਨੇ ਦੋਨੋਂ ਵਿਦਿਆਰਥਣਾਂ ਨੂੰ ਸਕੂਲ ਤੋਂ ਕੱਢ ਦਿੱਤਾ।

ਲੜਕੀਆਂ ਦੇ ਪਰਿਵਾਰਕ ਮੈਂਬਰ ਕਈ ਵਾਰ ਆਏ ਪਰ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਜਦੋਂ ਸ਼ਿਕਾਇਤ ਹਰਿਆਣਾ ਰਾਜ ਬਾਲ ਵਿਕਾਸ ਸੁਰੱਖਿਆ ਕਮਿਸ਼ਨ ਨੂੰ ਮਿਲੀ ਤਾਂ ਉਨ੍ਹਾਂ ਮਹਿਲਾ ਪੁਲਿਸ ਨਾਲ ਸਕੂਲ 'ਚ ਦਸਤਕ ਦਿੱਤੀ ਤੇ ਪੂਰੇ ਮਾਮਲੇ ਦੀ ਜਾਂਚ 'ਚ ਜੁਟ ਗਈ।

ਦੂਜੇ ਪਾਸੇ ਜਾਂਚ ਕਰਨ ਪਹੁੰਚੀ ਟੀਮ ਅੱਗੇ ਸਕੂਲ ਪ੍ਰਿੰਸੀਪਲ ਤੇ ਚਪੜਾਸੀ ਨੇ ਗੋਲ ਮੋਲ ਜਵਾਬ ਦਿੱਤੇ ਤੇ ਲੜਕੀਆਂ ਨੂੰ ਸਕੂਲ ਤੋਂ ਕੱਢੇ ਜਾਣ ਤੋਂ ਵੀ ਮੁੱਕਰ ਗਏ। ਜਾਂਚ ਟੀਮ ਨੇ ਸਾਫ ਕੀਤਾ ਕਿ ਲੜਕੀਆਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ। ਹੁਣ ਪੁਲਿਸ ਵੀ ਮੁਲਜ਼ਮ ਲੜਕਿਆ 'ਤੇ ਮਾਮਲਾ ਦਰਜ ਕਰਨ ਬਾਰੇ ਕਹਿ ਰਹੀ ਹੈ ਤੇ ਮਾਮਲੇ ਨੂੰ ਦਬਾਉਣ ਲਈ ਸਕੂਲ ਪ੍ਰਸ਼ਾਸਨ ਨੇ ਯਤਨ ਕੀਤਾ ਸੀ।