ਹਿਸਾਰ: ਕਾਂਗਰਸ ਨੇਤਾ ਤੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਆਪਣੇ ਪਰਿਵਾਰ ਸਮੇਤ ਆਦਮਪੁਰ ਆਏ। ਇੱਥੇ ਆ ਕੇ ਉਨ੍ਹਾਂ ਨੇ ਆਪਣੇ ਸਮਰੱਥਕਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਕਾਲਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ‘ਚ ਚਰਚਾ ਹੈ ਕਿ ਸਾਡੇ ਕੋਲ 200 ਕਰੋੜ ਦਾ ਕਾਲਾਧਨ ਹੈ, ਪਰ ਕੋਈ ਇੱਕ ਰੁਪਏ ਵੀ ਕਾਲਾਧਨ ਸਾਬਤ ਕਰ ਕੇ ਦਿਖਾਵੇ।



ਇਸ ਦੇ ਨਾਲ ਹੀ ਉਨ੍ਹਾਂ ਨੇ ਨੀਰਵ ਮੋਦੀ ਨਾਲ ਰਿਸ਼ਤਿਆਂ ਦੀਆਂ ਆ ਰਹੀ ਖ਼ਬਰਾਂ ਨੂੰ ਸਿਰਫ ਅਫਵਾਹ ਕਰਾਰ ਦਿੱਤਾ। ਉਨ੍ਹਾਂ ਹੀਰਿਆਂ ਦੇ ਕਾਰੋਬਾਰ ਬਾਰੇ ਬੋਲਦੇ ਕਿਹਾ ਕਿ ਅੱਜ ਤਕ ਉਨ੍ਹਾਂ ਨੇ ਅਜਿਹਾ ਕੋਈ ਕਾਰੋਬਾਰ ਨਹੀਂ ਕੀਤਾ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਅੱਜ ਤਕ ਦੱਖਣੀ ਅਫਰੀਕਾ ਨਹੀਂ ਗਿਆ।



ਕੁਲਦੀਪ ਨੇ ਆਪਣੇ ਸਰੱਥਕਾਂ ਨੂੰ ਅੱਗੇ ਕਿਹਾ ਕਿ ਉਹ ਅੱਜ ਤਕ ਰਾਜਨੀਤੀ ‘ਚ ਆਉਣ ਤੋਂ ਬਾਅਦ ਕਿਸੇ ਫਾਇਦੇ ਵਾਲੇ ਅਹੁਦੇ ‘ਤੇ ਨਹੀਂ ਰਹੇ। ਅਜਿਹੇ ‘ਚ ਉਨ੍ਹਾਂ ਕੋਲ ਕਾਲਾਧਨ ਕਿੱਥੋਂ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਦਮਪੁਰ ਦੀ ਜਨਤਾ ਸਾਹਮਣੇ ਸਾਫ਼ ਕਰਦੇ ਹਨ ਕਿ ਉਨ੍ਹਾਂ ਦੇ ਭਰਾ ਤੇ ਪੁੱਤਰ ਨੇ ਕਦੇ ਕੋਈ ਗੈਰਕਾਨੂੰਨੀ ਕੰਮ ਨਾ ਕਦੇ ਕੀਤਾ ਹੈ ਤੇ ਨਾ ਕਦੇ ਕਰਨਗੇ। ਉਨ੍ਹਾਂ ਹਮੇਸ਼ਾ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਕਰਨਗੇ।