ਭਾਜਪਾ ਨੂੰ ਫਰਸ਼ ਤੋਂ ਅਰਸ਼ ਤਕ ਲਿਜਾਣ ਵਾਲੇ ਅਡਵਾਨੀ ਦਾ 2019 ਲੋਕ ਸਭਾ ਚੋਣਾਂ 'ਚ ਵੀ ਕੱਟਿਆ ਪੱਤਾ
ਏਬੀਪੀ ਸਾਂਝਾ | 22 Mar 2019 11:42 AM (IST)
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ‘ਚ ਪਾਰਟੀ ‘ਚ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਟਿਕਟ ਗਾਂਧੀਨਗਰ ਖੇਤਰ ਤੋਂ ਕੱਟ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਅਮਿਤ ਸ਼ਾਹ ਨੂੰ ਟਿਕਟ ਦਿੱਤਾ ਗਿਆ ਹੈ। ਭਾਜਪਾ ਦੀ ਪਹਿਲੀ ਲਿਸਟ ‘ਚ ਅਡਵਾਨੀ ਦਾ ਨਾਂਅ ਨਾ ਹੋਣ ਕਾਰਨ ਕਾਂਗਰਸ ਪਾਰਟੀ ‘ਤੇ ਤੰਜ਼ ਕਰ ਰਹੀ ਹੈ ਕਿ ਪਾਰਟੀ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦੀ। ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੀ ਸਥਾਪਨਾ ‘ਚ ਅਹਿਮ ਰੋਲ ਅਦਾ ਕੀਤਾ ਸੀ। ਸੰਨ 1984 ‘ਚ ਭਾਜਪਾ ਸਿਰਫ ਦੋ ਸੀਟਾਂ ਜਿੱਤਣ ‘ਚ ਕਾਮਯਾਬ ਹੋਈ ਸੀ। ਇਸ ਤੋਂ ਬਾਅਦ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਜੋੜੀ ਨੇ ਪਾਰਟੀ ਨੂੰ ਮਜ਼ਬੂਤ ਕੀਤਾ। ਪਾਰਟੀ ਦੀ ਸਥਾਪਨਾ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤੇ ਅਡਵਾਨੀ ਨੇ ਮੋਰਚਾ ਸਾਂਭਿਆ। ਸਾਲ 2004 ‘ਚ ਲੋਕ ਸਭਾ ਚੋਣਾਂ ‘ਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤੋਂ ਬਾਅਦ ਕਾਂਗਰਸ ਨੇ 10 ਸਾਲ ਸੱਤਾ ‘ਚ ਰਹਿ ਕੇ ਰਾਜ ਕੀਤਾ। 2014 ਲੋਕ ਸਭਾ ਚੋਣਾਂ ‘ਚ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਬੀਜੇਪੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਅਤੇ ਪਹਿਲੀ ਵਾਰ ਭਾਜਪਾ ਪੂਰਨ ਬਹੁਮਤ ਹਾਸਲ ਕਰ ਪਾਈ।