Labour Code : ਦੇਸ਼ ਦੇ ਕਰਮਚਾਰੀਆਂ ਅਤੇ ਮਜ਼ਦੂਰਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ 29 ਪੁਰਾਣੇ ਕਿਰਤ ਕਾਨੂੰਨਾਂ ਦੀ ਥਾਂ ਲਿਆਂਦੇ ਗਏ 4 ਨਵੇਂ ਲੇਬਰ ਕੋਡ (Labour Codes) ਨੂੰ ਲਾਗੂ ਹੋਏ ਇੱਕ ਸਾਲ ਬੀਤਣ ਦੇ ਬਾਵਜੂਦ ਕਈ ਕੰਪਨੀਆਂ ਨੇ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ। ਗ੍ਰਾਂਟ ਥੌਰਨਟਨ ਭਾਰਤ ਦੀ ਇੱਕ ਸਰਵੇ ਰਿਪੋਰਟ ਮੁਤਾਬਕ ਸਿਰਫ਼ 50.6 ਫ਼ੀਸਦੀ ਕੰਪਨੀਆਂ ਹੀ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਸਰਵੇ ਵਿੱਚ ਵੱਖ-ਵੱਖ ਖੇਤਰਾਂ ਦੀਆਂ 200 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ। ਰਿਪੋਰਟ ਮੁਤਾਬਕ 28.8 ਫ਼ੀਸਦੀ ਕੰਪਨੀਆਂ ਅਜੇ ਤਿਆਰੀ ਕਰ ਰਹੀਆਂ ਹਨ, ਜਦਕਿ 11.7 ਫ਼ੀਸਦੀ ਕੰਪਨੀਆਂ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਹੀ ਨਹੀਂ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ 9 ਫ਼ੀਸਦੀ ਕੰਪਨੀਆਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਤੱਕ ਨਹੀਂ ਹੈ।

Continues below advertisement

ਕੰਪਨੀਆਂ ਨੂੰ ਸਭ ਤੋਂ ਵੱਡੀ ਚਿੰਤਾ ਨਵੇਂ ਕਾਨੂੰਨਾਂ ਕਾਰਨ ਵਧਣ ਵਾਲੇ ਖਰਚਿਆਂ ਦੀ ਹੈ। ਸਰਵੇ ਵਿੱਚ 74.4 ਫ਼ੀਸਦੀ ਕੰਪਨੀਆਂ ਨੇ ਮੰਨਿਆ ਕਿ ਨਵੇਂ ਤਨਖਾਹ ਨਿਯਮਾਂ ਕਾਰਨ ਉਨ੍ਹਾਂ ਦਾ ਖਰਚ ਵਧ ਸਕਦਾ ਹੈ। ਇਨ੍ਹਾਂ ਵਿੱਚੋਂ 49.6 ਫ਼ੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਖਰਚ ਵਿੱਚ 5 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ, ਜਦਕਿ 12 ਫ਼ੀਸਦੀ ਕੰਪਨੀਆਂ ਨੂੰ 5 ਫ਼ੀਸਦੀ ਤੋਂ ਵੱਧ ਵਾਧੇ ਦਾ ਖਦਸ਼ਾ ਹੈ। ਖਾਸ ਤੌਰ 'ਤੇ ਗ੍ਰੈਚੁਟੀ (Gratuity) ਅਤੇ ਪ੍ਰੋਵੀਡੈਂਟ ਫੰਡ (PF) ਵਿੱਚ ਕੰਪਨੀਆਂ ਦੇ ਯੋਗਦਾਨ ਵਧਣ ਨਾਲ ਉਨ੍ਹਾਂ 'ਤੇ ਵਿੱਤੀ ਬੋਝ ਪੈ ਸਕਦਾ ਹੈ।

ਨਵੇਂ ਲੇਬਰ ਕੋਡਾਂ ਤਹਿਤ ਤਨਖਾਹ ਦੇ ਢਾਂਚੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਦਾ ਅਸਰ ਮੁਲਾਜ਼ਮਾਂ ਦੀ ਬੇਸਿਕ ਸੈਲਰੀ, ਭੱਤਿਆਂ, ਪੀਐੱਫ ਅਤੇ ਗ੍ਰੈਚੁਟੀ ਦੀ ਗਣਨਾ 'ਤੇ ਪੈ ਸਕਦਾ ਹੈ। ਸਰਵੇ ਮੁਤਾਬਕ 66.2 ਫ਼ੀਸਦੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੇ ਤਨਖਾਹ ਢਾਂਚੇ ਦੀ ਸਮੀਖਿਆ ਕਰ ਲਈ ਹੈ, ਜਦਕਿ 10.5 ਫ਼ੀਸਦੀ ਕੰਪਨੀਆਂ ਅਜੇ ਇਸ ਦੀ ਯੋਜਨਾ ਬਣਾ ਰਹੀਆਂ ਹਨ।

Continues below advertisement

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 29 ਪੁਰਾਣੇ ਕੇਂਦਰੀ ਕਿਰਤ ਕਾਨੂੰਨਾਂ ਨੂੰ ਮਿਲਾ ਕੇ ਚਾਰ ਨਵੇਂ ਲੇਬਰ ਕੋਡ ਬਣਾਏ ਹਨ। ਇਨ੍ਹਾਂ ਵਿੱਚ ਵੇਜ ਕੋਡ (Code on Wages), ਸਮਾਜਿਕ ਸੁਰੱਖਿਆ ਕੋਡ (Code on Social Security), ਉਦਯੋਗਿਕ ਸਬੰਧ ਕੋਡ (Industrial Relations Code) ਅਤੇ ਕਿੱਤਾਮੁਖੀ ਸੁਰੱਖਿਆ ਕੋਡ (Occupational Safety Code) ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਕੰਪਨੀਆਂ ਨੂੰ ਅਜੇ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।