ਲਖੀਮਪੁਰ ਖੀਰੀ: ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਕੀਤੀ ਗਈ FIR ਰਿਪੋਰਟ ਅਨੁਸਾਰ, "ਲਖੀਮਪੁਰ ਖੀਰੀ 'ਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜਨਾ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਉਨ੍ਹਾਂ ਦੇ ਬੇਟੇ ਦੀ ਸੋਚੀ ਸਮਝੀ ਸਾਜ਼ਿਸ਼ ਸੀ।" ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਐਫਆਈਆਰ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ 'ਚ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ ਸਨ ਤੇ ਉਨ੍ਹਾਂ 'ਤੇ ਗੋਲੀਬਾਰੀ ਵੀ ਕੀਤੀ ਸੀ, ਜਿਸ 'ਚ ਇੱਕ ਕਿਸਾਨ ਦੀ ਮੌਤ ਹੋ ਗਈ।


ਐਫਆਈਆਰ 'ਚ ਕਤਲ ਤੇ ਲਾਪ੍ਰਵਾਹੀ ਦੇ ਦੋਸ਼ 'ਚ ਨਾਮਜ਼ਦ ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਗ੍ਰਿਫ਼ਤਾਰੀਆਂ 'ਚ ਦੇਰੀ ਹੋਈ ਹੈ, ਕਿਉਂਕਿ ਉਹ ਕਿਸਾਨਾਂ ਨਾਲ ਗੱਲਬਾਤ, ਪੋਸਟਮਾਰਟਮ ਤੇ ਸਸਕਾਰ ਸਮੇਤ ਕਈ ਮੁੱਦਿਆਂ 'ਚ ਰੁੱਝੇ ਹੋਏ ਹਨ।


ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ 'ਚ ਕਿਹਾ ਗਿਆ ਹੈ ਕਿ ਉਹ ਐਤਵਾਰ ਨੂੰ ਕਾਲੇ ਝੰਡਿਆਂ ਨਾਲ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ ਜੋ ਕੇਂਦਰੀ ਮੰਤਰੀ ਤੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੀ ਫੇਰ ਨੂੰ ਰੋਕਿਆ ਜਾ ਸਕੇ।


ਐਫਆਈਆਰ 'ਚ ਕਿਹਾ ਗਿਆ ਹੈ ਕਿ "ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ, ਜਦੋਂ ਅਸ਼ੀਸ਼ ਮਿਸ਼ਰਾ ਆਪਣੀਆਂ ਤਿੰਨ ਗੱਡੀਆਂ ਸਮੇਤ 15-20 ਆਦਮੀਆਂ ਨਾਲ ਲੈਸ ਹੋ ਕੇ ਬਨਵਾਰੀਪੁਰ ਮੀਟਿੰਗ ਸਥਾਨ ਵੱਲ ਜਾ ਰਹੇ ਸਨ। ਅਸ਼ੀਸ਼ ਖੱਬੇ ਪਾਸੇ ਆਪਣੀ ਥਾਰ ਮਹਿੰਦਰਾ ਗੱਡੀ 'ਚ ਬੈਠਾ ਸੀ। ਉੱਥੋਂ ਹੀ ਉਸ ਨੇ ਭੀੜ 'ਤੇ ਗੋਲੀਆਂ ਚਲਾਈਆਂ ਤੇ ਉਨ੍ਹਾਂ ਦੀ ਗੱਡੀ ਲੋਕਾਂ ਉੱਥੇ ਚੜ੍ਹ ਗਈ। ਗੋਲੀਬਾਰੀ 'ਚ ਕਿਸਾਨ ਸੁਖਵਿੰਦਰ ਸਿੰਘ ਦੇ 22 ਸਾਲਾ ਪੁੱਤਰ ਗੁਰਵਿੰਦਰ ਦੀ ਮੌਤ ਹੋ ਗਈ।"


ਐਫਆਈਆਰ 'ਚ ਕਿਹਾ ਗਿਆ ਹੈ ਕਿ ਮੰਤਰੀ ਦੇ ਬੇਟੇ ਦੀ ਗੱਡੀ ਨੇ ਸੜਕ ਦੇ ਦੋਵੇਂ ਪਾਸੇ ਕਿਸਾਨਾਂ ਨੂੰ ਦਰੜਿਆ ਸੀ, ਜਿਸ ਤੋਂ ਬਾਅਦ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਗੱਡੀ ਇੱਕ ਖੱਡ 'ਚ ਪਲਟ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਐਫਆਈਆਰ 'ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਮੰਤਰੀ ਦਾ ਬੇਟਾ ਗੱਡੀ 'ਚੋਂ ਉਤਰਿਆ ਤੇ ਗੋਲੀਆਂ ਚਲਾਉਂਦੇ ਹੋਏ ਗੰਨੇ ਦੇ ਖੇਤ 'ਚ ਭੱਜ ਗਿਆ।


ਇਸ ਕਥਿਤ ਹਮਲੇ 'ਚ 5 ਲੋਕ ਮਾਰੇ ਗਏ ਸਨ, ਜਿਸ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਹਿੰਸਾ ਤੇ ਅੱਗ ਲਗਾ ਦਿੱਤੀ ਸੀ। ਹਿੰਸਾ 'ਚ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ। ਸ਼ੁਰੂਆਤੀ ਤੌਰ 'ਤੇ ਮਰਨ ਵਾਲਿਆਂ ਦੀ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸੱਟ, ਸਦਮਾ ਤੇ ਦਿਮਾਗੀ ਖੂਨ ਵਹਿਣਾ ਦੱਸਿਆ ਗਿਆ ਹੈ।


ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਹੋਈ ਸਹਿਮਤੀ 'ਤੇ ਪੁਲਿਸ ਨੇ ਮੰਗਲਵਾਰ ਨੂੰ ਕਥਿਤ ਬੰਦੂਕ ਦੀ ਗੋਲੀ ਦਾ ਸ਼ਿਕਾਰ ਹੋਏ ਕਿਸਾਨ ਦਾ ਦੂਜੀ ਵਾਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੁਪਹਿਰ ਨੂੰ ਤਿੰਨਾਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਪਹਿਲਾਂ ਇਹ ਕਿਸਾਨ ਦਿੱਲੀ ਦੇ ਇਕ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਸਨ, ਪਰ ਸਹਿਮਤੀ ਅਨੁਸਾਰ ਬਹਰਾਇਚ 'ਚ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਹੋਏ। ਹਾਲਾਂਕਿ ਇਹ ਟੈਸਟ ਲਖਨਊ ਦੇ ਡਾਕਟਰਾਂ ਦੁਆਰਾ ਕੀਤੀ ਗਈ ਹੈ।


ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਕੇਂਦਰ 'ਚ ਉਨ੍ਹਾਂ ਦੇ ਬੇਟੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਮੌਕੇ 'ਤੇ ਸਨ। ਹਾਲਾਂਕਿ ਮੰਤਰੀ ਨੇ ਸਵੀਕਾਰ ਕਰ ਲਿਆ ਹੈ ਕਿ ਗੱਡੀ ਉਨ੍ਹਾਂ ਦੀ ਹੈ। ਘਟਨਾ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਗੱਡੀ ਹਾਦਸਾਗ੍ਰਸਤ ਹੋ ਗਈ, ਕਿਉਂਕਿ ਲੋਕ ਕਾਫਲੇ 'ਤੇ ਪਥਰਾਅ ਕਰ ਰਹੇ ਸਨ, ਜਿਸ ਨਾਲ ਡਰਾਈਵਰ ਨੇ ਗੱਡੀ ਦਾ ਕੰਟਰੋਲ ਗੁਆ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਗੱਡੀ ਪਲਟ ਗਈ ਤਾਂ ਲੋਕ ਦਰੜੇ ਗਏ।


ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਸਮੇਤ ਕਈ ਵਿਰੋਧੀ ਆਗੂਆਂ ਦੁਆਰਾ ਟਵੀਟ ਕੀਤੇ ਗਏ ਵੀਡੀਓ 'ਚ ਸਪਸ਼ਟ ਤੌਰ 'ਤੇ ਵਿਖਾਈ ਦੇ ਰਿਹਾ ਹੈ ਕਿ ਇਕ ਐਸਯੂਵੀ ਨੇ ਪਿੱਛੇ ਤੋਂ ਪ੍ਰਦਰਸ਼ਨਕਾਰੀਆਂ ਦੇ ਇਕ ਗਰੁੱਪ ਨੂੰ ਟੱਕਰ ਮਾਰੀ। ਹਾਲਾਂਕਿ ਐਨਡੀਟੀਵੀ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰ ਸਕਿਆ।