ਇਮਰਾਨ ਖ਼ਾਨ
ਜਲੰਧਰ: ਸੀਨੀਅਰ ਬੀਜੇਪੀ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੇਲ ਮੰਤਰੀ ਪਿਊਸ਼ ਗੋਇਲ 'ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਦਰਅਸਲ, ਅੰਮ੍ਰਿਤਸਰ ਦੇ ਰਹਿਣ ਵਾਲੇ ਲਕਸ਼ਮੀ ਕਾਂਤਾ ਚਾਵਲਾ ਟ੍ਰੇਨ ਰਾਹੀਂ ਆਪਣੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜਾ ਰਹੇ ਹਨ। ਟ੍ਰੇਨ ਅੱਠ ਘੰਟੇ ਤੋਂ ਵੱਧ ਲੇਟ ਸੀ। ਇਸ ਬਾਰੇ ਰੇਲਵੇ ਵੱਲੋਂ ਮੁਸਾਫਰਾਂ ਨੂੰ ਕੋਈ ਇਤਲਾਹ ਵੀ ਨਹੀਂ ਦਿੱਤੀ ਗਈ। ਮਾੜੀਆਂ ਸੇਵਾਵਾਂ ਦੇ ਰੋਸ ਵਜੋਂ ਚਾਵਲਾ ਨੇ ਇੱਕ ਵੀਡੀਓ ਬਣਾ ਕੇ ਪ੍ਰਧਾਨ ਮੰਤਰੀ ਮੋਦੀ ਤੇ ਰੇਲ ਮੰਤਰੀ ਪਿਊਸ਼ ਗੋਇਲ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਵਾਇਰਲ ਵੀਡੀਓ ਵਿੱਚ ਲਕਸ਼ਮੀ ਕਾਂਤਾ ਚਾਵਲਾ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਨੂੰ ਬੁਲੇਟ ਟ੍ਰੇਨ ਦੀ ਥਾਂ ਉਨਾਂ ਗੱਡੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਧੇਰ ਨਗਰੀ ਚੌਪਟ ਰਾਜਾ ਵਾਲਾ ਹਾਲ ਹੈ। ਆਮ ਆਦਮੀ ਦੇ ਤਾਂ ਚੰਗੇ ਦਿਨ ਆਏ ਨਹੀਂ ਪਤਾ ਨਹੀਂ ਕਿਸ ਦੇ ਆਏ ਹਨ। ਰੇਲ ਗੱਡੀਆਂ ਦੇ ਤਾਂ ਬਹੁਤ ਬੁਰੇ ਦਿਨ ਚੱਲ ਰਹੇ ਹਨ।
ਵੀਡੀਓ ਵਿੱਚ ਲਕਸ਼ਮੀ ਕਾਂਤਾ ਚਾਵਲਾ ਨੇ ਟ੍ਰੇਨ ਦੇ ਟੁੱਟੇ ਦਰਵਾਜ਼ਿਆਂ ਦੇ ਨਾਲ ਟੁੱਟੀਆਂ ਸੀਟਾਂ ਪ੍ਰਤੀ ਵੀ ਰੋਸ ਜ਼ਾਹਿਰ ਕੀਤਾ ਹੈ। ਉਹ ਕਹਿ ਰਹੇ ਹਨ ਕਿ ਰੇਲ ਮੰਤਰੀ ਪਿਊਸ਼ ਗੋਇਲ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਮੋਦੀ ਜੀ ਨੂੰ ਜਨਤਾ ਉੱਤੇ ਤਰਸ ਖਾਣਾ ਚਾਹੀਦਾ ਹੈ। ਟ੍ਰੇਨ ਵਿੱਚ ਤਾਂ ਖਾਣਾ-ਪਾਣੀ ਮਿਲਦਾ ਨਹੀਂ।
ਵੀਡੀਓ ਵਿੱਚ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਹੈ ਕਿ ਲੋਕ ਪ੍ਰੇਸ਼ਾਨ ਹੋ ਰਹੇ ਹਨ ਤੇ ਤੁਸੀਂ ਅਖਬਾਰੀ ਪ੍ਰਚਾਰ ਵਿੱਚ ਲੱਗੇ ਹੋ। ਰੇਲ ਮੰਤਰੀ ਜੀ ਕਦੇ ਸਪੈਸ਼ਲ ਕੋਚ ਤੋਂ ਬਿਨਾ ਆਮ ਆਦਮੀ ਵਾਂਗ ਸਫਰ ਕਰਕੇ ਵੇਖੋ। ਸ਼ਿਕਾਇਤ ਕਰਨ 'ਤੇ ਟ੍ਰੇਨ ਵਿੱਚ ਦੁੱਧ ਤੇ ਡਾਕਟਰ ਦੇ ਆਉਣ ਦੀਆਂ ਗੱਲਾਂ ਸਿਰਫ ਅਖਬਾਰੀ ਪ੍ਰਚਾਰ ਹਨ। ਟ੍ਰੇਨ ਵਿੱਚ ਬਹੁਤ ਸਾਰੇ ਟੀਟੀ ਲੋਕਾਂ ਤੋਂ ਪੈਸੇ ਲੁੱਟ ਰਹੇ ਹਨ।
ਲਕਸ਼ਮੀ ਕਾਂਤਾ ਚਾਵਲਾ ਫਿਲਹਾਲ ਅਯੋਧਿਆ ਵਿੱਚ ਹਨ। ਉਹ ਪਰਿਵਾਰ ਦੇ ਨਾਲ 22 ਦਸੰਬਰ ਤੋਂ ਦੁਪਹਿਰ ਪੌਣੇ 12 ਵਜੇ ਅਯੁੱਧਿਆ ਲਈ ਨਿਕਲੇ ਸਨ। ਉਨ੍ਹਾਂ ਨੂੰ ਸਫ਼ਰ ਦੌਰਾਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟ੍ਰੇਨ ਅੱਠ ਘੰਟੇ ਤੋਂ ਜ਼ਿਆਦਾ ਲੇਟ ਹੋ ਗਈ। ਉਹ ਸ਼ੁੱਕਰਵਾਰ ਸ਼ਾਮ ਤਕ ਅੰਮ੍ਰਿਤਸਰ ਵਾਪਸ ਪਹੁੰਚ ਜਾਣਗੇ।