ਰਾਂਚੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੀ ਸੀ.ਬੀ.ਆਈ. ਅਦਾਲਤ ਨੇ ਚਾਰਾ ਘੁਟਾਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਧਰੁਵ ਭਗਤ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਫੈਸਲਾ ਆਉਣ ਤੋਂ ਬਾਅਦ ਲਾਲੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਅਦਾਲਤ ਨੇ ਸਜ਼ਾ ਸੁਣਾਉਣ ਦੀ ਤਰੀਕ 3 ਜਨਵਰੀ ਰੱਖੀ ਹੈ।
ਜ਼ਿਕਰਯੋਗ ਹੈ ਕਿ ਸਾਲ 1990 ਤੋਂ 1994 ਦਰਮਿਆਨ ਸਰਕਾਰੀ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ 89 ਲੱਖ 27 ਹਜ਼ਾਰ ਰੁਪਏ ਕੱਢਣ ਦਾ ਘੁਟਾਲਾ ਕੀਤਾ ਸੀ। ਉਸ ਵੇਲੇ ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਸਨ। ਹਾਲਾਂਕਿ ਇਹ ਪੂਰਾ ਚਾਰਾ ਘੁਟਾਲਾ 950 ਕਰੋੜ ਰੁਪਏ ਦਾ ਸੀ, ਜਿਨ੍ਹਾਂ 'ਚੋਂ ਇੱਕ ਦੇਵਘਰ ਖਜ਼ਾਨੇ ਨਾਲ ਜੁੜਿਆ ਕੇਸ ਸੀ।
ਇਸ ਮਾਮਲੇ 'ਚ ਕੁੱਲ 38 ਲੋਕ ਦੋਸ਼ੀ ਸਨ, ਜਿਨ੍ਹਾਂ ਖਿਲਾਫ ਸੀ.ਬੀ.ਆਈ. ਨੇ 27 ਅਕਤੂਬਰ 1997 ਨੂੰ ਮੁਕੱਦਮਾ ਦਰਜ ਕੀਤਾ ਸੀ। ਅੱਜ ਯਾਨੀ ਸ਼ਨੀਵਾਰ ਨੂੰ ਤਕਰੀਬਨ 20 ਸਾਲ ਬਾਅਦ ਮਾਮਲੇ 'ਚ ਫੈਸਲਾ ਸੁਣਾਇਆ ਗਿਆ ਹੈ। ਸਾਰੇ 38 ਦੋਸ਼ੀਆਂ 'ਚੋਂ 11 ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਤਿੰਨ ਸੀ.ਬੀ.ਆਈ. ਦੇ ਗਵਾਹ ਬਣ ਗਏ ਸਨ।
ਉੱਥੇ ਹੀ ਦੋ ਨੇ ਆਪਣਾ ਗੁਨਾਹ ਕਬੂਲ ਕਰ ਲਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 2006-07 'ਚ ਹੀ ਸਜ਼ਾ ਸੁਣਾ ਦਿੱਤੀ ਗਈ ਸੀ। ਇਸ ਤਰ੍ਹਾਂ ਇਸ ਮਾਮਲੇ 'ਚ ਸ਼ਨੀਵਾਰ ਨੂੰ ਅਦਾਲਤ ਨੇ ਕੁੱਲ 22 ਦੋਸ਼ੀਆਂ ਖਿਲਾਫ ਹੀ ਆਪਣਾ ਫੈਸਲਾ ਸੁਣਾਇਆ ਹੈ।