Land for Job Case Verdict: ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧੜੇ ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ IRCTC ਘੋਟਾਲੇ ਮਾਮਲੇ ‘ਚ ਲਾਲੂ, ਰਾਬੜੀ ਅਤੇ ਤੇਜਸਵੀ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਰਾਉਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਟੈਂਡਰ ਪ੍ਰਕਿਰਿਆ ਵਿੱਚ ਦਖ਼ਲ ਦਿੱਤਾ ਸੀ ਅਤੇ ਇਸ ‘ਚ ਤਬਦੀਲੀਆਂ ਵੀ ਕਰਵਾਈਆਂ ਸਨ। ਅਦਾਲਤ ਨੇ ਲਾਲੂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਲਾਲੂ ਦੇ ਨਾਲ ਤੇਜਸਵੀ ਯਾਦਵ ਅਤੇ ਰਾਬੜੀ ਦੇਵੀ ਦੇ ਖ਼ਿਲਾਫ਼ ਧੋਖਾਧੜੀ, ਭ੍ਰਿਸ਼ਟਾਚਾਰ ਸਮੇਤ ਹੋਰ ਕਈ ਧਾਰਾਵਾਂ ਹੇਠ ਦੋਸ਼ ਲਗਾਏ ਗਏ ਹਨ।
ਕਿਹੜੀਆਂ ਧਾਰਾਵਾਂ ਹੇਠ ਲਾਲੂ ਪਰਿਵਾਰ ‘ਤੇ ਚੱਲੇਗਾ ਕੇਸ
ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ ਅਤੇ ਰਾਬੜੀ ਦੇਵੀ ‘ਤੇ IPC ਦੀ ਧਾਰਾ 420 ਅਤੇ 120B ਹੇਠ ਦੋਸ਼ ਤੈਅ ਕੀਤੇ ਗਏ ਹਨ। ਇਸਦੇ ਨਾਲ ਹੀ ਪ੍ਰੀਵੇਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 13(2) ਅਤੇ 13(1)(d) ਵੀ ਇਸ ਮਾਮਲੇ ਵਿੱਚ ਸ਼ਾਮਲ ਹੈ। ਹਾਲਾਂਕਿ ਪ੍ਰੀਵੇਂਸ਼ਨ ਆਫ ਕਰਪਸ਼ਨ ਐਕਟ ਦੀਆਂ ਇਹ ਦੋਵੇਂ ਧਾਰਾਵਾਂ — 13(2) ਅਤੇ 13(1)(d) — ਸਿਰਫ਼ ਲਾਲੂ ਪ੍ਰਸਾਦ ਯਾਦਵ ‘ਤੇ ਹੀ ਲੱਗੀਆਂ ਹਨ।
ਲਾਲੂ, ਤੇਜਸਵੀ ਅਤੇ ਰਾਬੜੀ ਨੇ ਅਦਾਲਤ ਵਿੱਚ ਕੀ ਕਿਹਾ
ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਤੋਂ ਪੁੱਛਿਆ, "ਕੀ ਤੁਸੀਂ ਆਪਣਾ ਅਪਰਾਧ ਮੰਨਦੇ ਹੋ?" ਲਾਲੂ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨੇ ਆਪਣਾ ਅਪਰਾਧ ਮਨਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ। ਰਾਬੜੀ ਦੇਵੀ ਨੇ ਕਿਹਾ ਕਿ ਕੇਸ ਪੂਰੀ ਤਰ੍ਹਾਂ ਗਲਤ ਹੈ। ਅਦਾਲਤ ਨੇ ਰਾਬੜੀ ਦੇਵੀ ਨੂੰ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਦੀ ਵਿਆਖਿਆ ਕੀਤੀ। ਰਾਬੜੀ ਦੇਵੀ ਨੇ ਜੱਜ ਨੂੰ ਕਿਹਾ ਕਿ ਅਸੀਂ ਮੁਕੱਦਮਾ ਲੜਾਂਗੇ।
ਪੂਰਾ ਮਾਮਲਾ ਕੀ ਹੈ
CBI ਦੇ ਅਨੁਸਾਰ, ਰੇਲ ਮੰਤਰੀ ਰਹਿੰਦਿਆਂ ਲਾਲੂ ਪ੍ਰਸਾਦ ਯਾਦਵ ਨੇ 2005-06 ਵਿੱਚ ਕੋਚਰ ਭਰਾਵਾਂ ਨੂੰ IRCTC ਦੇ 2 ਹੋਟਲ (ਰਾਂਚੀ, ਪੁਰੀ) ਲੀਜ਼ ‘ਤੇ ਦਿਵਾਏ। ਇਸਦੇ ਬਦਲੇ ਉਨ੍ਹਾਂ ਨੇ ਪਟਨਾ ਵਿੱਚ 3 ਏਕੜ ਜ਼ਮੀਨ ਲਈ। 7 ਜੁਲਾਈ 2017 ਨੂੰ CBI ਨੇ ਲਾਲੂ ਸਮੇਤ 5 ਲੋਕਾਂ ਦੇ ਖ਼ਿਲਾਫ FIR ਦਰਜ ਕਰਾਈ ਸੀ। ਇਸ ਸਬੰਧ ਵਿੱਚ ਲਗਭਗ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। FIR ਵਿੱਚ ਦੋਸ਼ ਹੈ ਕਿ ਕੋਚਰ ਨੇ ਜਿਸ ਦਿਨ DMCL ਦੇ ਹੱਕ ਵਿੱਚ ਇਹ ਸੌਦਾ ਕੀਤਾ, ਉਸੇ ਦਿਨ ਰੇਲਵੇ ਬੋਰਡ ਨੇ IRCTC ਨੂੰ ਇਹ BNR ਹੋਟਲਸ ਸੌਂਪਣ ਦੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਵਾਇਆ ਸੀ।