ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਬੇਅਸਰ ਕਰਨ ਮਗਰੋਂ ਲਾਈਆਂ ਰੋਕਾਂ ਹੌਲੀ-ਹੌਲੀ ਘੱਟ ਰਹੀਆਂ ਹਨ। ਇਸੇ ਕੜੀ ਤਹਿਤ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਰ ਵਾਲੇ ਟੈਲੀਫ਼ੋਨ ਸ਼ੁਰੂ ਹੋ ਗਏ ਹਨ।

ਐਤਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਨੀਵਾਰ ਨੂੰ ਘਾਟੀ ਵਿੱਚ ਕਿਤੇ ਵੀ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ, ਜਿਸ ਉਪਰੰਤ ਸੰਚਾਰ ਸੇਵਾਵਾਂ ਵਿੱਚ ਰੈਲ਼ੀਆਂ ਕਰ ਦਿੱਤੀਆਂ ਗਈਆਂ ਹਨ। ਤਾਜ਼ਾ ਤਾਜ਼ਾ ਕੇਂਦਰ ਸ਼ਾਸਤ ਪ੍ਰਦੇਸ਼ ਬਣੇ ਜੰਮੂ-ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿੱਚ ਲੈਂਡਲਾਈਨ ਫ਼ੋਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਹਾਲਾਂਕਿ, ਸ਼੍ਰੀਨਗਰ ਦੇ ਲਾਲ ਚੌਕ ਤੇ ਪ੍ਰੈਸ ਇਨਕਲੇਵ ਵਿੱਚ ਇਹ ਸੇਵਾਵਾਂ ਹਾਲੇ ਨਹੀਂ ਚਾਲੂ ਕੀਤੀਆਂ। ਧਾਰਾ 370 ਨਕਾਰਾ ਕਰਨ ਤੋਂ 20 ਦਿਨ ਬਾਅਦ ਵੀ ਮੋਬਾਈਲ ਸੇਵਾਵਾਂ, ਇੰਟਰਨੈੱਟ ਸੇਵਾਵਾਂ ਹਾਲੇ ਤਕ ਨਹੀਂ ਚਾਲੂ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਇਸ ਨੂੰ ਸ਼ੁਰੂ ਹੋਣ ਵਿੱਚ ਹਾਲ ਦੀ ਘੜੀ ਸਮਾਂ ਲੱਗ ਸਕਦਾ ਹੈ।