ਹਰਿਦੁਆਰ: ਯੋਗ ਗੁਰੂ ਰਾਮਦੇਵ ਦੇ ਕਰੀਬੀ ਆਚਾਰਿਆ ਬਾਲਾਕ੍ਰਿਸ਼ਨ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਪਤੰਜਲੀ ਯੋਗਪੀਠ ਦੇ ਸੂਤਰਾਂ ਨੇ ਦੱਸਿਆ ਕਿ ਬਾਲਾਕ੍ਰਿਸ਼ਨ ਨੂੰ ਛਾਤੀ ਵਿੱਚ ਦਰਜ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਦੁਆਰ ਦੇ ਹਸਪਤਾਲ ਲਿਜਾਇਆ ਗਿਆ।



ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਬੀਤੇ ਦਿਨ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਹੋਰ ਵੀ ਕਈ ਪਤਵੰਤਿਆਂ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 24 ਘੰਟਿਆਂ ਦੇ ਇਲਾਜ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਉਹ ਵਾਪਸ ਪਤੰਜਲੀ ਪਹੁੰਚ ਗਏ ਹਨ।


ਇਸ ਪੂਰੇ ਮਾਮਲੇ 'ਤੇ ਯੋਗ ਗੁਰੂ ਰਾਮਦੇਵ ਨੇ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਸੀ ਕਿ ਜਨਮਅਸ਼ਟਮੀ ਵਾਲੇ ਦਿਨ ਕੋਈ ਵਿਅਕਤੀ ਉਨ੍ਹਾਂ ਨੂੰ ਪੇੜਾ ਖਾਣ ਨੂੰ ਦੇ ਗਿਆ ਸੀ। ਜ਼ਹਿਰੀਲਾ ਪੇੜਾ ਖਾ ਕੇ ਉਹ ਬੇਹੋਸ਼ ਹੋ ਗਏ ਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।