ਨਵੀਂ ਦਿੱਲੀ: ਭਾਰਤ ਦੀ ਖੁਫੀਆ ਏਜੰਸੀ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਤੇ ਜੈਸ਼-ਏ-ਮੁਹੰਮਦ ਪੰਜਾਬ ਦੇ ਪਠਾਨਕੋਟ ਤੇ ਗੁਰਦਾਸਪੁਰ ਵਿੱਚ ਹੋਏ ਅੱਤਵਾਦੀ ਹਮਲੇ ਦੁਹਰਾਉਣ ਦੀ ਤਾਕ ਵਿੱਚ ਹਨ। ਇਹ ਖੁਫੀਆ ਰਿਪੋਰਟ 'ਏਬੀਪੀ ਨਿਊਜ਼' ਕੋਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਘੁਸਪੈਠ ਤੇ ਵੱਡੇ ਹਮਲੇ ਕਰਨ ਵਿੱਚ ਨਾਕਾਮੀ ਤੋਂ ਬਾਅਦ ਲਸ਼ਕਰ ਤੇ ਜੈਸ਼-ਏ-ਮੁਹੰਮਦ ਬੌਖਲਾ ਗਏ ਹਨ। ਖੁਫੀਆ ਰਿਪੋਰਟ ਮੁਤਾਬਕ ਅੱਤਵਾਦੀ ਗੁਟਾਂ ਦੇ ਨਿਸ਼ਾਨੇ 'ਤੇ ਅੰਮ੍ਰਿਤਸਰ ਦਾ ਰਾਜਾਸਾਂਸੀ ਏਅਰਪੋਰਟ ਤੇ ਏਅਰਫੋਰਸ ਸਟੇਸ਼ਨ ਹੈ। ਇਸ ਤੋਂ ਇਲਾਵਾ ਲਸ਼ਕਰ ਤੇ ਜੈਸ਼-ਏ-ਮੁਹੰਮਦ ਇਸ ਹਮਲੇ ਲਈ ਗੁਰਦਾਸਪੁਰ ਸੈਕਟਰ ਵਿੱਚ ਸਰਹੱਦ ਪਾਰ ਸਮੱਗਲਿੰਗ ਨੈੱਟਵਰਕ ਦਾ ਇਸਤੇਮਾਲ ਕਰ ਸਕਦੇ ਹਨ। ਲਸ਼ਕਰ ਤੇ ਜੈਸ਼ ਆਈ.ਐਸ.ਆਈ. ਦੇ ਨਿਰਦੇਸ਼ 'ਤੇ ਤਸਕਰੀ ਨੈੱਟਵਰਕ ਰਾਹੀਂ ਅੱਤਵਾਦੀਆਂ ਲਈ ਹਥਿਆਰ ਤੇ ਗੋਲ਼ੀ ਸਿੱਕਾ ਭੇਜਣ ਦੀ ਫਿਰਾਕ ਵਿੱਚ ਹਨ।