BS Army Chief: ਚੀਨ ਨਾਲ ਚੱਲ ਰਹੇ ਵਿਵਾਦ ਦੌਰਾਨ ਸੈਨਾ ਦੇ ਡੀਜੀਐਮਓ ਰਹੇ ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਹੁਣ ਥਲ ਸੈਨਾ ਦਾ ਨਵਾਂ ਉਪ ਮੁਖੀ (Vice Chief of Army Staff) ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਰਾਜੂ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ, ਜੋ ਐਤਵਾਰ ਨੂੰ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਜਾਟ ਰੈਜੀਮੈਂਟ ਨਾਲ ਸਬੰਧਤ ਬੀਐਸ ਰਾਜੂ ਡੀਜੀਐਮਓ ਬਣਨ ਤੋਂ ਪਹਿਲਾਂ ਸ੍ਰੀਨਗਰ ਵਿੱਚ ਚਿਨਾਰ ਕੋਰ ਦੇ ਕਮਾਂਡਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਐਤਵਾਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਉਨ੍ਹਾਂ ਦੀ ਥਾਂ 'ਤੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਫੌਜ ਦੀ ਕਮਾਨ ਸੰਭਾਲਣਗੇ। ਅਜਿਹੇ 'ਚ ਉਪ ਮੁਖੀ ਦਾ ਅਹੁਦਾ ਲੈਫਟੀਨੈਂਟ ਜਨਰਲ ਬਾਗਾਵਲੀ ਸੋਮਸ਼ੇਕਰ (ਬੀ. ਐੱਸ.) ਰਾਜੂ ਨੂੰ ਸੌਂਪਿਆ ਗਿਆ ਹੈ।
ਲੈਫਟੀਨੈਂਟ ਜਨਰਲ ਮਨੋਜ ਕਟਿਆਰ ਸੰਭਾਲਣਗੇ ਡੀਜੀਐਮਓ ਵਜੋਂ ਅਹੁਦਾ
ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ ਪ੍ਰਿੰਸੀਪਲ ਸਟਾਫ ਅਫਸਰ (ਪੀਐਸਓ) ਨੂੰ ਸਿੱਧੇ ਤੌਰ ’ਤੇ ਸੈਨਾ ਦੇ ਸਹਿ-ਮੁਖੀ ਦਾ ਅਹੁਦਾ ਦਿੱਤਾ ਗਿਆ ਹੋਵੇ। ਆਮ ਤੌਰ 'ਤੇ ਇਹ ਅਹਿਮ ਅਹੁਦਾ ਸਿਰਫ਼ ਕਮਾਂਡਰ ਨੂੰ ਹੀ ਸੌਂਪਿਆ ਜਾਂਦਾ ਹੈ। ਲੈਫਟੀਨੈਂਟ ਜਨਰਲ ਮਨੋਜ ਕਟਿਆਰ ਹੁਣ ਰਾਜੂ ਦੀ ਥਾਂ ਡੀਜੀਐਮਓ ਵਜੋਂ ਅਹੁਦਾ ਸੰਭਾਲਣਗੇ।
ਫੌਜ ਦੇ ਅਨੁਸਾਰ, ਲੈਫਟੀਨੈਂਟ ਜਨਰਲ ਰਾਜੂ ਸੈਨਿਕ ਸਕੂਲ, ਬੀਜਾਪੁਰ ਦਾ ਵਿਦਿਆਰਥੀ ਰਿਹਾ ਹੈ ਅਤੇ 1984 ਵਿੱਚ ਫੌਜ ਦੀ ਜਾਟ ਰੈਜੀਮੈਂਟ ਵਿੱਚ ਇੱਕ ਫੌਜੀ ਅਧਿਕਾਰੀ ਵਜੋਂ ਭਰਤੀ ਹੋਇਆ ਸੀ। ਆਪਰੇਸ਼ਨ ਪਰਾਕਰਮ ਦੌਰਾਨ, ਉਹਨਾਂ ਨੇ ਪੱਛਮੀ ਥੀਏਟਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਆਪਣੀ ਬਟਾਲੀਅਨ (15 ਜਾਟ) ਦੀ ਕਮਾਂਡ ਕੀਤੀ। ਉਹਨਾਂ ਨੇ ਐਲਓਸੀ ਦੀ ਬਹੁਤ ਮਹੱਤਵਪੂਰਨ ਉੜੀ ਬ੍ਰਿਗੇਡ ਅਤੇ ਕਸ਼ਮੀਰ ਘਾਟੀ ਦੀ ਚਿਨਾਰ ਕੋਰ (15ਵੀਂ ਕੋਰ) ਦੀ ਕਮਾਂਡ ਵੀ ਕੀਤੀ ਹੈ।
ਸ਼ਾਂਤੀ ਸੇਵਾ ਵਿੱਚ ਵੀ ਦੇ ਚੁੱਕੀਆਂ ਹਨ ਆਪਣੀਆਂ ਸੇਵਾਵਾਂ
38 ਸਾਲਾਂ ਦੇ ਆਪਣੇ ਕਰੀਅਰ ਵਿੱਚ, ਲੈਫਟੀਨੈਂਟ ਰਾਜੂ ਨੇ ਭੂਟਾਨ ਵਿੱਚ ਭਾਰਤੀ ਫੌਜੀ ਸਿਖਲਾਈ ਟੀਮ ਦੇ ਕਮਾਂਡੈਂਟ ਅਤੇ ਸੋਮਾਲੀਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਕੰਮ ਕੀਤਾ ਹੈ। ਉਹ ਹੈਲੀਕਾਪਟਰ ਪਾਇਲਟ ਵੀ ਹਨ ਅਤੇ ਇਸ ਸਮੇਂ ਜਾਟ ਰੈਜੀਮੈਂਟ ਦੇ ਕਰਨਲ-ਕਮਾਂਡੈਂਟ ਵੀ ਹਨ । ਉਹਨਾਂ ਨੇ ਇੰਗਲੈਂਡ ਦੇ ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼ ਤੋਂ ਐਨਡੀਸੀ ਅਤੇ ਨੇਵਲ ਪੋਸਟ ਗ੍ਰੈਜੂਏਟ ਸਕੂਲ, ਯੂਐਸਏ ਤੋਂ ਕਾਊਂਟਰ ਟੈਰੋਰਿਜ਼ਮ ਕੋਰਸ ਵੀ ਕੀਤਾ ਹੈ।