ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਣੇ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ। ਬਿਪਨ ਰਾਵਤ 31 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਪਨ ਰਾਵਤ ਤੋਂ ਬਾਅਦ ਸਭ ਤੋਂ ਸੀਨੀਅਰ ਨਰਵਾਣੇ ਸਿੱਖ ਲਾਈਟ ਇੰਫੈਨਟਰੀ ਰੈਜੀਮੈਂਟ ‘ਚ ਜੂਨ 1980 ਕਮਿਸ਼ੰਡ ਹੋਏ ਸੀ। ਲੈਫਟੀਨੈਂਟ ਜਨਰਲ ਨਰਵਾਣੇ ਰਾਸ਼ਟਰੀ ਰੱਖਿਆ ਅਕਾਦਮੀ ਤੇ ਭਾਰਤੀ ਸੈਨਿਕ ਅਕਾਦਮੀ ਤੋਂ ਪਾਸਆਊਟ ਹਨ।

ਨਰਵਾਣੇ ਆਪਣੇ 37 ਸਾਲ ਦੇ ਕਾਰਜਕਾਲ ‘ਚ ਵੱਖ-ਵੱਖ ਭੂਮਿਕਾਵਾਂ ‘ਚ ਕੰਮ ਕਰ ਚੁੱਕੇ ਹਨ। ਸ਼੍ਰੀਲੰਕਾ ‘ਚ ਸ਼ਾਂਤੀ ਸੈਨਾ ਦੇ ਨਾਲ ਹੀ ਜੰਮੂ ਤੇ ਕਸ਼ਮੀਰ ‘ਚ ਉਨ੍ਹਾਂ ਨੇ ਰਾਸ਼ਟਰੀ ਰਾਈਫਲਜ਼ ਦੀ ਨੁਮਾਇੰਦਗੀ ਕੀਤੀ। ਨਰਵਾਣੇ ਮਿਆਂਮਾਰ ‘ਚ ਤਿੰਨ ਸਾਲ ਤਕ ਕੰਮ ਕਰ ਚੁੱਕੇ ਹਨ।

ਨਰਵਾਣੇ ਨੂੰ ਬਹਾਦੁਰੀ ਲਈ ਸੈਨਾ ਮੈਡਲ ਵੀ ਮਿਲ ਚੁੱਕਿਆ ਹੈ। ਨਾਗਾਲੈਂਡ ‘ਚ ਮੁੱਖ ਡਾਇਰੈਕਟਰ ਅਸਾਮ ਰਾਈਫਲਜ਼ ਦੇ ਤੌਰ ‘ਤੇ ਸੇਵਾਵਾਂ ਲਈ ਉਨ੍ਹਾਂ ਨੂੰ ‘ਵਸ਼ਿਸ਼ਿਟ ਸੇਵਾ ਮੈਡਲ' ਤੇ 'ਅਤਿ ਵਸ਼ਿਸ਼ਿਟ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਨਰਵਾਣੇ ਉਹੀ ਅਧਿਕਾਰੀ ਹਨ ਜਿਨ੍ਹਾਂ ਨੇ ਸੈਨਾ ਦੀ ਪੂਰਬੀ ਕਮਾਨ ਦੇ ਕਮਾਂਡਿੰਗ ਇਨ ਚੀਫ ਦੇ ਅਹੁਦੇ ‘ਤੇ ਰਹਿੰਦੇ ਹੋਏ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਜੇਕਰ ਚੀਨ ਸਾਡੀ ਸਰਹੱਦ ‘ਚ 100 ਵਾਰ ਘੁਸਪੈਠ ਕਰਦਾ ਹੈ ਤਾਂ ਸਾਡੀ ਸੈਨਾ 200 ਵਾਰ ਅਜਿਹਾ ਕਰਦੀ ਹੈ।

ਮਹਾਰਾਸ਼ਟਰ ਦੇ ਪੁਣੇ ਦੇ ਰਹਿਣ ਵਾਲੇ ਨਰਵਾਣੇ ਨੂੰ ਸੈਨਾ ‘ਚ ਨੋ-ਨੌਨਸੈਂਸ ਤੇ ਇੱਕ ਸਖ਼ਤ ਅਧਿਕਾਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦਿੱਲੀ ਦਾ ਏਰੀਆ ਕਮਾਂਡਰ ਰਹਿੰਦੇ ਹੋਏ ਉਨ੍ਹਾਂ ਨੇ ਇੱਕ ਵਾਰ ਸਰਕਾਰ ਦੇ ਮੌਖਿਕ ਬਿਆਨ ਨੂੰ ਨਾ ਮੰਨਦੇ ਹੋਏ ਸਾਫ ਕਹਿ ਦਿੱਤਾ ਕਿ ਉਹ ਲਿਖਤੀ ਹੁਕਮਾਂ ਦਾ ਪਾਲਣ ਕਰਦੇ ਹਨ।