President Program Power Cut: ਮਹਾਰਾਜਾ ਸ਼੍ਰੀ ਰਾਮਚੰਦਰ ਭੰਜਦੇਵ ਯੂਨੀਵਰਸਿਟੀ, ਬਾਰੀਪਾਡਾ, ਓਡੀਸ਼ਾ ਦੇ ਕਨਵੋਕੇਸ਼ਨ ਸਮਾਗਮ 'ਚ ਸ਼ਨੀਵਾਰ (6 ਮਈ) ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਚਲੀ ਗਈ। ਜਿਸ ਕਾਰਨ ਸਮਾਗਮ ਵਾਲੀ ਥਾਂ 'ਤੇ ਹਨੇਰਾ ਛਾ ਗਿਆ। ਇਸ ਪ੍ਰੋਗਰਾਮ ਵਿੱਚ ਇਹ ਅੜਿੱਕਾ ਸਵੇਰੇ 11.56 ਵਜੇ ਤੋਂ ਦੁਪਹਿਰ 12.05 ਵਜੇ ਤੱਕ ਜਾਰੀ ਰਿਹਾ। ਰਾਸ਼ਟਰਪਤੀ ਮੁਰਮੂ ਦੇ ਸੰਬੋਧਨ ਦੇ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਲਾਈਟਾਂ ਬੰਦ ਹੋ ਗਈਆਂ ਪਰ ਉਨ੍ਹਾਂ ਨੇ ਆਪਣਾ ਸੰਬੋਧਨ ਜਾਰੀ ਰੱਖਿਆ ਕਿਉਂਕਿ ਇਸ ਦੌਰਾਨ ਮਾਈਕ ਸਿਸਟਮ ਪ੍ਰਭਾਵਿਤ ਨਹੀਂ ਹੋਇਆ।
ਇਸ ਦੌਰਾਨ ਏਸੀ ਵੀ ਨਾਰਮਲ ਕੰਮ ਕਰਦੇ ਰਹੇ। ਕਰੀਬ 9 ਮਿੰਟ ਤੱਕ ਲਾਈਟ ਬੰਦ ਰਹੀ। ਰਾਸ਼ਟਰਪਤੀ ਮੁਰਮੂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਬਿਜਲੀ ਲੁਕਣਮਿਚੀ ਖੇਡ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਦਰਸ਼ਕ ਉਨ੍ਹਾਂ ਨੂੰ ਸੁਣਨ ਲਈ ਆਰਾਮ ਨਾਲ ਬੈਠੇ ਰਹੇ। ਹਾਲਾਂਕਿ ਉਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਟਾਟਾ ਪਾਵਰ ਕੰਪਨੀ ਉੱਤਰੀ ਓਡੀਸ਼ਾ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਸੀਈਓ ਭਾਸਕਰ ਸਰਕਾਰ ਨੇ ਕਿਹਾ ਕਿ ਹਾਲ ਵਿੱਚ ਸਪਲਾਈ ਵਿੱਚ ਕੋਈ ਵਿਘਨ ਨਹੀਂ ਸੀ ਅਤੇ ਇਹ ਗੜਬੜ ਸ਼ਾਇਦ ਬਿਜਲੀ ਦੀਆਂ ਤਾਰਾਂ ਵਿੱਚ ਕਿਸੇ ਨੁਕਸ ਕਾਰਨ ਹੋਈ ਸੀ।
ਵਾਈਸ ਚਾਂਸਲਰ ਨੇ ਮੰਗੀ ਮੁਆਫੀ
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸੰਤੋਸ਼ ਕੁਮਾਰ ਤ੍ਰਿਪਾਠੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਬਿਜਲੀ ਦੀ ਖਰਾਬੀ ਲਈ ਅਫਸੋਸ ਪ੍ਰਗਟ ਕੀਤਾ ਅਤੇ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਅਸੀਂ ਸ਼ਰਮਿੰਦਾ ਹਾਂ ਅਤੇ ਯਕੀਨੀ ਤੌਰ 'ਤੇ ਘਟਨਾ ਦੀ ਜਾਂਚ ਸ਼ੁਰੂ ਕਰਾਂਗੇ। ਜ਼ਿੰਮੇਵਾਰ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਮਾਲਕੀ ਵਾਲੀ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਨੇ ਸਮਾਗਮ ਲਈ ਜਨਰੇਟਰਾਂ ਦੀ ਸਪਲਾਈ ਕੀਤੀ ਸੀ। ਅਸੀਂ ਉਨ੍ਹਾਂ ਤੋਂ ਪੁੱਛਾਂਗੇ ਕਿ ਗੜਬੜ ਪਿੱਛੇ ਕੀ ਕਾਰਨ ਸੀ।
ਕੀ ਕਿਹਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ?
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਦਾਰਤਾ ਅਤੇ ਸਹਿਯੋਗ ਨਾਲ ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗਰੀਬਾਂ ਦਾ ਹੱਥ ਫੜ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ। ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਆਪਣੀ ਖੁਸ਼ੀ ਅਤੇ ਹਿੱਤ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਸਮਾਜ ਅਤੇ ਦੇਸ਼ ਦੀ ਭਲਾਈ ਬਾਰੇ ਵੀ ਸੋਚਣਾ ਚਾਹੀਦਾ ਹੈ। ਸਹਿਕਾਰਤਾ ਜੀਵਨ ਦਾ ਇੱਕ ਸੁੰਦਰ ਪਹਿਲੂ ਹੈ ਜਿਸ ਦਾ ਵਿਦਿਆਰਥੀਆਂ ਨੂੰ ਪਾਲਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Exclusive: 'ਕੋਈ ਸੁਣਵਾਈ ਨਹੀਂ ਹੋ ਰਹੀ', ਏਬੀਪੀ ਦੇ ਸ਼ੋਅ ਦੀ ਪ੍ਰੈਸ ਕਾਨਫਰੰਸ ਵਿੱਚ ਬੋਲੇ ਪਹਿਲਵਾਨ