ਨਵੀਂ ਦਿੱਲੀ: ਪਹਿਲੀ ਅਪ੍ਰੈਲ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਵੱਧਣ ਜਾ ਰਹੀਆਂ ਹਨ। ਨਵੇਂ ਵਿੱਤੀ ਵਰ੍ਹੇ ਵਿੱਚ ਦੁੱਧ, ਬਿਜਲੀ, ਏਅਰ ਕੰਡੀਸ਼ਨਰ, ਮੋਟਰਸਾਈਕਲ, ਸਮਾਰਟਫ਼ੋਨ ਅਤੇ ਹਵਾਈ ਸਫਰ ਵੀ ਮਹਿੰਗਾ ਹੋਣ ਵਾਲਾ ਹੈ। ਇਲੈਕਟ੍ਰੌਨਿਕ ਉਪਕਰਨਾਂ ਦੇ ਭਾਅ ਵੀ ਨਵੇਂ ਵਿੱਤੀ ਵਰ੍ਹੇ ਵਿੱਚ ਵੱਧ ਜਾਣਗੇ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ 1 ਅਪ੍ਰੈਲ 2021 ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਆਮ ਆਦਮੀ ਨੂੰ ਹੋਰ ਵੀ ਝਟਕਾ ਲੱਗਣ ਵਾਲਾ ਹੈ।


ਟੈਲੀਵਿਜ਼ਨ ਮਹਿੰਗੇ: ਬੀਤੇ ਅੱਠ ਮਹੀਨਿਆਂ ਵਿੱਚ ਟੀਵੀ ਦੀਆਂ ਕੀਮਤਾਂ ਤਿੰਨ ਤੋਂ ਚਾਰ ਹਜ਼ਾਰ ਰੁਪਏ ਤੱਕ ਵੱਧ ਗਈਆਂ ਹਨ। ਪਰ ਹੁਣ ਇੱਕ ਅਪ੍ਰੈਲ ਤੋਂ ਟੀਵੀ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਹਜ਼ਾਰ ਰੁਪਏ ਹੋਰ ਵਾਧਾ ਹੋ ਜਾਵੇਗਾ। ਟੀਵੀ ਨਿਰਮਾਤਾਵਾਂ ਨੇ ਪੀਐਲਆਈ ਸਕੀਮ ਲਿਆਉਣ ਦੀ ਮੰਗ ਕੀਤੀ ਹੈ।


ਏਸੀ ਤੇ ਫਰਿੱਜ: ਪਹਿਲੀ ਅਪ੍ਰੈਲ ਤੋਂ ਏਸੀ ਅਤੇ ਫਰਿੱਜ ਵੀ ਮਹਿੰਗੇ ਹੋ ਰਹੇ ਹਨ। ਨਿਰਮਾਣ ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਨੂੰ ਫਰਿੱਜ-ਏਸੀ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ।


ਹਵਾਈ ਸਫਰ ਮਹਿੰਗਾ: ਘਰੇਲੂ ਉਡਾਨਾਂ ਦੇ ਕਿਰਾਏ ਨੂੰ ਪੰਜ ਫ਼ੀਸਦ ਵਧਾਉਣ ਦਾ ਫੈਸਲਾ ਕੇਂਦਰ ਸਰਕਾਰ ਨੇ ਕੀਤਾ ਹੈ। ਇਸ ਦੇ ਨਾਲ ਹੀ ਏਵੀਏਸ਼ਨ ਸਕਿਉਰਿਟੀ ਫੀਸ ਵੀ ਵਧੇਗੀ। ਡੋਮੈਸਟਿਕ ਫਲਾਈਟਸ ਲਈ ਸੁਰੱਖਿਆ ਫੀਸ 160 ਰੁਪਏ ਤੋਂ ਵੱਧ ਕੇ 200 ਰੁਪਏ ਹੋ ਜਾਵੇਗੀ, ਜਦਕਿ ਕੌਮਾਂਤਰੀ ਉਡਾਣਾਂ ਲਈ ਇਹ ਫ਼ੀਸ 5.2 ਡਾਲਰ ਤੋਂ ਵੱਧ ਕੇ 12 ਡਾਲਰ ਹੋ ਜਾਵੇਗੀ।


ਦੁੱਧ ਵੀ ਹੋਵੇਗਾ ਮਹਿੰਗਾ: ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਅਪ੍ਰੈਲ ਤੋਂ ਦੁੱਧ ਦਾ ਭਾਅ ਤਿੰਨ ਰੁਪਏ ਵਧਾ ਸਕਦੇ ਹਨ। ਹੁਣ ਦੁੱਧ 49 ਰੁਪਏ ਪ੍ਰਤੀ ਲੀਟਰ ਵਿਕੇਗਾ।


ਬਿਜਲੀ ਬਿਲਾਂ ਵਿੱਚ ਵਾਧਾ: ਬਿਹਾਰ ਦੀ ਜਨਤਾ ਨੂੰ ਪਹਿਲੀ ਅਪ੍ਰੈਲ ਤੋਂ ਵੱਧ ਬਿਲ ਦੇਣਾ ਪਵੇਗਾ। ਸਾਊਥ ਤੇ ਨੌਰਥ ਬਿਹਾਰ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਨੇ ਆਪਣੀਆਂ ਦਰਾਂ 9-10 ਫ਼ੀਸਦ ਵਧਾਉਣ ਦਾ ਐਲਾਨ ਕੀਤਾ ਹੈ। ਜੇਕਰ ਵਾਧੇ ਨੂੰ ਪ੍ਰਵਾਨਗੀ ਮਿਲ ਗਈ ਤਾਂ ਬਿਜਲੀ ਦੇ ਰੇਟ ਵੀ ਵੱਧ ਜਾਣਗੇ।