ਝਾਰਖੰਡ ਚੋਣਾਂ: ਮਹਾਰਾਸ਼ਟਰ ‘ਚ ਬੀਜੇਪੀ ਤੇ ਸ਼ਿਵ ਸੈਨਾ ਦੀ 30 ਸਾਲ ਪੁਰਾਣੀ ਦੋਸਤੀ ਖ਼ਤਮ ਹੋਣ ਦੇ ਜ਼ਖ਼ਮ ਅਜੇ ਭਰੇ ਸੀ ਕਿ ਬੀਜੇਪੀ ਨੂੰ ਇੱਕ ਹੋਰ ਝਟਕਾ ਝਾਰਖੰਡ ‘ਚ ਮਿਲਿਆ ਹੈ। ਝਾਰਖੰਡ ‘ਚ ਵਿਧਾਨ ਸਭਾ ਚੋਣਾਂ ‘ਚ ਕੱਲ੍ਹ ਆਜਸੂ ਨੇ ਤੇ ਅੱਜ ਐਲਜੇਪੀ ਨੇ ਸੂਬੇ ‘ਚ ਗਠਬੰਧਨ ਨਾਲ ਰਿਸ਼ਤਾ ਤੋੜ ਲਿਆ ਹੈ। ਐਲਜੇਪੀ ਨੇ 50 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ।

ਐਨਡੀਏ ‘ਚ ਮਹਾਰਾਸ਼ਟਰ ਤੋਂ ਸ਼ੁਰੂ ਹੋਈ ਤਰੇੜ ਜਿਵੇਂ ਹੀ ਝਾਰਖੰਡ ਤਕ ਪਹੁੰਚੀ, ਸਿਆਸੀ ਗਲਿਆਰਿਆਂ ‘ਚ ਇਸ ਨੂੰ ਬੀਜੇਪੀ ਲਈ ਬੁਰਾ ਮੰਨਿਆ ਜਾਣ ਲੱਗਿਆ। ਝਾਰਖੰਡ ‘ਚ ਬੀਜੇਪੀ ਦੇ ਸਾਥੀਆਂ ‘ਚ ਫੁੱਟ ਪੈ ਗਈ। ਮੰਗ ਮੁਤਾਬਕ ਸੀਟਾਂ ਨਾ ਮਿਲਣ ਕਰਕੇ ਆਜਸੂ ਮੁਖੀ ਸੁਦੇਸ਼ ਨੇ ਬੀਜੇਪੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਤੋਂ ਬਾਅਦ ਪਾਰਟੀ ਨੇ ਇਕੱਲਿਆਂ ਹੀ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ।


ਪਾਰਟੀ ਵਿਧਾਨ ਸਭਾ ਚੋਣਾਂ ਦੀ 81 ਵਿੱਚੋਂ 50 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ‘ਚ ਹੈ। ਐਲਜੇਪੀ ਨੇਤਾ ਚਿਰਾਗ ਪਾਸਵਾਨ ਨੇ ਕਿਹਾ ਕਿ ਅੱਜ ਸ਼ਾਮ ਤਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। 81 ਵਿਧਾਨ ਸਭਾ ਸੀਟਾਂ ਲਈ ਪਹਿਲੇ ਗੇੜ ਦੀ ਚੋਣ 30 ਨਵੰਬਰ ਨੂੰ, ਦੂਜੇ ਗੇੜ ਦੀ 7 ਦਸੰਬਰ, ਤੀਜੇ ਗੇੜ ਦੀ ਵੋਟਿੰਗ 12 ਦਸੰਬਰ, ਜਦਕਿ ਚੌਥੇ ਤੇ ਪੰਜਵੇਂ ਗੇੜ ਦੀਆਂ ਚੋਣਾਂ 16 ਤੇ 20 ਦਸੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਣੀ ਹੈ। ਸੂਬੇ ‘ਚ ਸਰਕਾਰ ਦਾ ਕਾਰਜਕਾਲ 5 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ।