ਨਵੀਂ ਦਿੱਲੀ: ਔਡ-ਈਵਨ ਯੋਜਨਾ ਅੱਜ ਰਾਜਧਾਨੀ ਦਿੱਲੀ 'ਚ ਲਾਗੂ ਨਹੀਂ ਕੀਤੀ ਜਾਏਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਇਹ ਫੈਸਲਾ ਲਿਆ ਹੈ। ਸੀਐਮ ਕੇਜਰੀਵਾਲ ਨੇ ਕਿਹਾ ਹੈ ਕਿ ਓਡ-ਈਵਨ ਯੋਜਨਾ ਅੱਜ 12 ਨਵੰਬਰ ਨੂੰ ਲਾਗੂ ਨਹੀਂ ਕੀਤੀ ਜਾਏਗੀ। 12 ਨਵੰਬਰ ਨੂੰ ਲੈ ਸਿੱਖ ਭਾਈਚਾਰੇ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਨਿਯਮ 'ਚ ਢਿੱਲ ਦਿੱਤੀ ਜਾਵੇ।

ਸੂਬੇ ਵਿੱਚ ਔਡ-ਈਵਨ ਯੋਜਨਾ 4 ਤੋਂ 15 ਨਵੰਬਰ ਤੱਕ ਲਾਗੂ ਕੀਤੀ ਗਈ ਹੈ। ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ 'ਚ ਸਿੱਖ ਵਫ਼ਦ ਨੇ ਸੂਬੇ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ 'ਚ ਅਪੀਲ ਕੀਤੀ ਗਈ ਕਿ ਔਡ-ਈਵਨ ਯੋਜਨਾ '11 ਤੇ 12 ਨਵੰਬਰ ਨੂੰ ਛੋਟ ਦਿੱਤੀ ਜਾਵੇ।

ਦੱਸ ਦਈਏ ਕਿ ਔਡ-ਈਵਨ ਯੋਜਨਾ ਰਾਸ਼ਟਰੀ ਰਾਜਧਾਨੀ 'ਚ ਸਵੇਰੇ ਅੱਠ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਲਾਗੂ ਕੀਤੀ ਜਾਂਦੀ ਹੈ। ਇਸ ਯੋਜਨਾ ਨੂੰ ਹਫਤੇ 'ਚ ਸੋਮਵਾਰ ਤੋਂ ਸ਼ਨੀਵਾਰ ਤੱਕ ਲਾਗੂ ਕੀਤਾ ਗਿਆ ਹੈ ਜਿਸ 'ਚ ਐਤਵਾਰ ਨੂੰ ਛੋਟ ਦਿੱਤੀ ਗਈ ਹੈ। ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 4000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈਂਦਾ ਹੈ।