ਚੰਡੀਗੜ੍ਹ: ਪੁਲਵਾਮਾ ਹਮਲੇ ਬਾਅਦ ਅੱਜ ਸਵੇਰੇ ਭਾਰਤੀ ਏਅਰਫੋਰਸ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਏਅਰ ਸਰਜੀਕਲ ਸਟ੍ਰਾਈਕ ਕੀਤੀ ਗਈ। ਇਸ ਮਗਰੋਂ ਭਾਰਤ-ਪਾਕਿ ਸਰਹੱਦ ਤੇ ਜੰਮੂ-ਕਸ਼ਮੀਰ ਨਾਲ ਲੱਗਦੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਾਮਿਆਲ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਨਾਕਿਆਂ ’ਤੇ ਵੀ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ।

ਇਸ ਦੇ ਇਲਾਵਾ ਹਰ ਨਾਕੇ ’ਤੇ ਭਾਰਤੀ ਫੌਜ ਦੀ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਅਨਸਰ ਪਠਾਨਕੋਟ ਦੇ ਰਾਹ ਪੰਜਾਬ ਵਿੱਚ ਦਾਖ਼ਲ ਨਾ ਹੋ ਸਕੇ। ਇਹ ਜਾਣਕਾਰੀ ਰਾਵੀ ਦਰਿਆ ਨਾਲ ਲੱਗਦੇ ਨਾਕੇ ਦੇ ਇੰਚਾਰਜ ਨੇ ਦਿੱਤੀ।

ਫਿਰੋਜ਼ਪੁਰ: ਸਰਹੱਦ ’ਤੇ ਵਧ ਰਹੇ ਤਣਾਓ ਕਰਕੇ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਹਾਲਾਤ ਨਾਲ ਨਜਿੱਠਣ ਲਈ ਸਿਵਲ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਉੱਧਰ ਫ਼ੌਜ ਨੇ ਵੀ 11 ਕੋਰ ਦੀ ਸਥਾਪਨਾ ਦੇ ਜਸ਼ਨ ਸਬੰਧੀ ਕੱਢੀ ਜਾ ਰਹੀ ਸਾਈਕਲ ਯਾਤਰਾ ਰੱਦ ਕਰ ਦਿੱਤੀ ਹੈ।

ਖੇਮਕਰਨ: ਭਾਰਤ ਵੱਲੋਂ ਅੱਜ ਕੰਟਰੋਲ ਰੇਖਾ ਪਾਰ ਕਰਕੇ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਵਿੱਚ ਅੱਤਵਾਦੀ ਕੈਂਪਾਂ 'ਤੇ ਕੀਤੇ ਗਈ ਕਾਰਵਾਈ ਮਗਰੋਂ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਸਾਰੇ ਕੰਮ-ਕਾਜ ਛੱਡ ਕੇ ਆਪਣੇ ਟੀਵੀ ਦੇ ਸਾਹਮਣੇ ਬੈਠੇ ਹੋਏ ਹਨ।