ਇਸਲਾਮਾਬਾਦ: ਭਾਰਤ ਦੀ ਕਾਰਵਾਈ ਮਗਰੋਂ ਸਰਹੱਦ 'ਤੇ ਤਣਾਅ ਵਧ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸਲਾਮਾਬਾਦ 'ਚ ਹੰਗਾਮੀ ਬੈਠਕ ਬੁਲਾਈ ਹੈ। ਇਸ ਮੀਟਿੰਗ 'ਚ ਤਾਜ਼ਾ ਸਥਿਤੀ ਬਾਰੇ ਚਰਚਾ ਕੀਤਾ ਜਾ ਰਹੀ ਹੈ।
ਦੂਜੇ ਪਾਸੇ ਭਾਰਤੀ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਐਸ) ਦੀ ਬੈਠਕ ਕੀਤੀ ਜਾ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਮੰਤਰੀ ਅਰੁਣ ਜੇਤਲੀ ਤੇ ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਵੀ ਸ਼ਾਮਲ ਹਨ।
ਦੋਵਾਂ ਦੇਸ਼ਾਂ ਨੇ ਸਰਹੱਦਾਂ 'ਤੇ ਸੁਰੱਖਿਆ ਵਧ ਦਿੱਤੀ ਹੈ। ਸਰਹੱਦੀ ਇਲਾਕਿਆਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਭਾਰਤੀ ਫੌਜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਫੌਜ ਨੇ ਅੱਜ ਕੰਟਰੋਲ ਰੇਖਾ (ਐਲਓਸੀ) ਨੂੰ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਈ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 200 ਤੋਂ 300 ਅੱਤਵਾਦੀ ਮਰਨ ਦਾ ਦਾਅਵਾ ਕੀਤਾ ਗਿਆ ਹੈ।
ਇਸ ਹਮਲੇ 'ਚ ਕੰਟਰੋਲ ਰੇਖਾ ਪਾਰ ਬਾਲਕੋਟ, ਚਕੋਠੀ ਤੇ ਮੁਜੱਫਰਾਬਾਦ 'ਚ ਅੱਤਵਾਦੀ ਲਾਂਚ ਪੈਡ ਪੂਰੀ ਤਰ੍ਹਾਂ ਤਬਾਹ ਹੋ ਗਏ। ਇੰਨਾ ਹੀ ਨਹੀਂ ਹਵਾਈ ਫੌਜ ਨੇ ਹਮਲਾ ਕਰਕੇ ਜੈਸ਼-ਏ-ਮੁਹੰਮਦ ਦਾ ਕੰਟਰੋਲ ਰੂਮ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਚਰਚਾ ਹੈ ਕਿ ਭਾਰਤ ਦੇ 12 ਮਿਰਾਜ ਜਹਾਜ਼ ਮਕਬੂਜ਼ਾ ਕਸ਼ਮੀਰ ਵਿੱਚ ਦਾਖਲ ਹੋਏ। ਇਹ ਜਹਾਜ਼ 21 ਮਿੰਟ ਪਾਕਿ ਸਰਹੱਦ ਅੰਦਰ ਰਹੇ ਤੇ 1000 ਕਿਲੋ ਬੰਬ ਵਰ੍ਹਾ ਕੇ ਵਾਪਸ ਪਰਤੇ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਕੋਸ਼ਿਸ਼ ਅਸਫਲ ਰਹੀ ਹੈ। ਜਹਾਜ਼ ਸਰਹੱਦ ਅੰਦਰ ਆਏ ਸੀ ਪਰ ਪਾਕਿ ਹਵਾਈ ਸੈਨਾ ਦੀ ਸਰਗਰਮੀ ਮਗਰੋਂ ਵਾਪਸ ਪਰਤ ਗਏ।