ਚੰਡੀਗੜ੍ਹ: ਪਾਕਿਸਤਾਨ ਦੀ ਸੁਪਰੀਮ ਕੋਰਟ ਦੇ 19 ਭਾਰਤੀਆਂ ਸੰਬਧੀ ਦਿੱਤੇ ਇਸ਼ਤਿਹਾਰ ਸਬੰਧੀ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਚੁੱਕਣਗੇ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਗ਼ਲਤੀ ਨਾਲ ਬਾਰਡਰ ਪਾਰ ਕਰ ਲੈਂਦੇ ਹਨ ਜਾਂ ਫੌਜੀ ਗ਼ਲਤੀ ਨਾਲ ਸਰਹੱਦ ਪਾਰ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਜਾਸੂਸ ਬਣਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਿੱਥੇ ਸਜ਼ਾ ਪੂਰੀ ਹੋਣ ਬਾਅਦ ਵੀ ਉਹ ਰਿਹਾਅ ਨਹੀਂ ਹੁੰਦੇ ਤੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ।


ਇਸ ਸਬੰਧੀ ਮਾਨ ਨੇ ਮਾਨਸਾ ਦੇ ਫੌਜੀ ਦੀ ਮਿਸਾਲ ਪੇਸ਼ ਕੀਤੀ ਜਿਸ ਦਾ ਪਿੰਡ ਵਿੱਚ ਬੁੱਤ ਵੀ ਲਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਪਾਕਿ ਦੀ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਤੇ ਪਾਕਿ ਵਿੱਚ ਸਮਝੌਤਾ ਹੁੰਦਾ ਸੀ ਕਿ ਦੋਵੇਂ ਮੁਲਕ ਆਪਣੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਨਗੇ ਪਰ ਹੁਣ ਪੁਲਵਾਮਾ ਹਮਲੇ ਬਾਅਦ ਗੱਲ ਠੰਢੇ ਬਸਤੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਗੱਲ ਹੋਣੀ ਚਾਹੀਦੀ ਹੈ।

ਦਰਅਸਲ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਖ਼ਬਾਰ ਵਿੱਚ ਅਜਿਹੇ 19 ਭਾਰਤੀ ਕੈਦੀਆਂ ਦੀਆਂ ਤਸਵੀਰਾਂ ਦਿੱਤੀਆਂ ਹਨ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਪਰ ਆਪਣੀ ਯਾਦਾਸ਼ਤ ਭੁੱਲ ਚੁੱਕੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਜੋ ਇਨ੍ਹਾਂ ਨੂੰ ਜਾਣਦਾ ਹੋਏ, ਉਹ ਸੁਪਰੀਮ ਕੋਰਟ ਨਾਲ ਸੰਪਰਕ ਕਰ ਸਕਦਾ ਹੈ। ਮਾਨ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਨੂੰ ਇਸ ਕਦਰ ਟੌਰਚਰ ਕੀਤਾ ਜਾਂਦਾ ਹੈ ਕਿ ਉਹ ਆਪਣਾ ਦਿਮਾਗ਼ੀ ਸੰਤੁਲਨ ਵੀ ਗੁਆ ਬੈਠੇ ਹਨ।