ਪਾਕਿਸਤਾਨ ਸਰਕਾਰ ਨੇ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਤੇ ਵਿਸਾਖੀ ਮੇਲੇ 'ਤੇ ਸ਼ਿਰਕਤ ਕਰਨ ਲਈ ਭਾਰਤ ਵੱਲੋਂ 3,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰਨ ਲਈ ਹਾਮੀ ਭਰ ਦਿੱਤੀ ਹੈ। ਤਕਰੀਬਨ 3,000 ਸ਼ਰਧਾਲੂਆਂ ਨੂੰ 10 ਦਿਨਾਂ ਵੀਜ਼ੇ 'ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਇਮਰਾਨ ਖ਼ਾਨ ਸਰਕਾਰ ਰਜ਼ਾਮੰਦ ਹੈ।
ਵਿਸ਼ੇਸ਼ ਰੇਲ ਰਾਹੀਂ 12 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਹੁੰਚੇਗਾ। ਇਸੇ ਹੀ ਦਿਨ 12 ਅਪ੍ਰੈਲ ਨੂੰ ਹੀ ਸਿੱਖ ਜੱਥਾ ਹਸਨ ਅਬਦਾਲ 'ਚ ਸਥਿਤ 'ਗੁਰਦੁਆਰਾ ਪੰਜਾ ਸਾਹਿਬ' ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। 14 ਅਪ੍ਰੈਲ ਨੂੰ 'ਗੁਰਦੁਆਰਾ ਪੰਜਾ ਸਾਹਿਬ' ਵਿਖੇ ਹੋ ਰਹੇ ਸਮਾਗਮ 'ਚ ਸਿੱਖ ਸ਼ਰਧਾਲੂ ਹਿੱਸਾ ਲੈਣਗੇ।
15 ਅਪ੍ਰੈਲ ਨੂੰ 'ਗੁਰਦੁਆਰਾ ਸ਼੍ਰੀ ਜਨਮ ਅਸਥਾਨ' ਦੇ ਦਰਸ਼ਨ ਕਰਵਾਏ ਜਾਣਗੇ। 17 ਅਪ੍ਰੈਲ ਨੂੰ ਫਾਰੂਖਾਬਾਦ 'ਚ ਸਥਿਤ 'ਗੁਰਦੁਆਰਾ ਸੱਚਾ ਸੌਦਾ' 'ਚ ਸ਼ਰਧਾਲੂ ਨਤਮਸਤਕ ਹੋਣਗੇ। 18 ਅਪ੍ਰੈਲ ਨੂੰ ਲਾਹੌਰ 'ਚ ਸਥਿਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੇ ਗੁੱਜਰਾਂਵਾਲਾ 'ਚ ਸਥਿਤ ਗੁਰਦੁਆਰਿਆਂ ਦੀ ਯਾਤਰਾ ਦੇ ਨਾਲ-ਨਾਲ ਲਹਿੰਦੇ ਪੰਜਾਬ ਦੇ ਹੋਰਨਾਂ ਗੁਰਧਾਮਾਂ ਦੀ ਯਾਤਰਾ ਕੀਤੀ ਜਾਵੇਗੀ।
20 ਅਪ੍ਰੈਲ ਨੂੰ ਲਾਹੌਰ ਦੀ ਫੇਰੀ ਮਗਰੋਂ 21 ਅਪ੍ਰੈਲ ਨੂੰ ਜਥਾ ਭਾਰਤ ਵਾਪਸ ਪਰਤੇਗਾ। ਪਾਕਿਸਤਾਨ ਦੇ ਵਕਫ ਬੋਰਡ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਦਿੱਤੀਆਂ ਵਿਸ਼ੇਸ਼ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਤਹਿਤ ਵਿਸਾਖੀ ਮੇਲੇ ਤੇ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਖ਼ਾਸ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਪਾਕਿ ਦੇ ਦੌਰੇ ਦੌਰਾਨ ਮੈਡੀਕਲ ਸਹੂਲਤਾਂ ਤੇ ਕਿਸ ਸਿੱਖ ਸ਼ਰਧਾਲੂ ਨੂੰ ਦਿਲ ਦਾ ਦੌਰਾ ਪੈਣ 'ਤੇ ਉਸ ਦਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ। ਇਸ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਤੇ ਇੱਧਰ-ਉੱਧਰ ਜਾਣ ਲਈ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਜਾਵੇਗੀ।