ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਲੀਡਰ ਕੁਮਾਰ ਵਿਸ਼ਵਾਸ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਬੀਜੇਪੀ ਨੇ ਕੁਮਾਰ ਵਿਸ਼ਵਾਸ਼ ਕੋਲ ਪਾਰਟੀ ਦੇ ਪੱਖ ਵਿੱਚ ਪ੍ਰਚਾਰ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਉੱਧਰ ਬੀਜੇਪੀ ਦੇ ਸੂਤਰਾਂ ਨੇ ਵੀ ਦੱਸਿਆ ਹੈ ਕਿ ਸੂਬਾ ਪ੍ਰਧਾਨ ਮਨੋਜ ਤਿਵਾਰੀ ਨੇ ਸੋਮਵਾਰ ਨੂੰ ਕੁਮਾਰ ਵਿਸ਼ਵਾਸ ਨਾਲ ਬੈਠਕ ਕੀਤੀ ਸੀ। ਇਸ ਵਿੱਚ ਵਿਸ਼ਵਾਸ ਨੇ ਕਿਹਾ ਸੀ ਕਿ ਚੀਜ਼ਾਂ ਨੂੰ ਹਿਸਾਬ ਨਾਲ ਰੱਖਣ ਲਈ ਉਨ੍ਹਾਂ ਨੂੰ ਇੱਕ ਬੈਠਕ ਹੋਰ ਕਰਨੀ ਪਏਗੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਬੀਜੇਪੀ ਵਿਸ਼ਵਾਸ ਨੂੰ ਪੂਰਬੀ ਦਿੱਲੀ ਸੰਸਦੀ ਸੀਟ ਤੋਂ ਟਿਕਟ ਦੇਣ 'ਤੇ ਵੀ ਵਿਚਾਰ ਕਰ ਸਕਦੀ ਹੈ ਕਿਉਂਕਿ ਉਹ ਚੰਗੇ ਬੁਲਾਰਾ ਹਨ ਤੇ ਆਪਣੀ ਬੋਲਬਾਣੀ ਨਾਲ ਲੋਕਾਂ ਨੂੰ ਬੰਨ੍ਹੀਂ ਰੱਖ ਸਕਦੇ ਹਨ।
ਦੱਸ ਦੇਈਏ ਇਨ੍ਹੀਂ ਦਿਨੀਂ ਕੁਮਾਰ ਵਿਸ਼ਵਾਸ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਸਣੇ ਪਾਰਟੀ ਦੇ ਕਈ ਵੱਡੇ ਲੀਡਰਾਂ ਨਾਲ ਨਾਰਾਜ਼ ਚੱਲ ਰਹੇ ਹਨ। ਵੱਖ-ਵੱਖ ਮੰਚਾਂ ਤੋਂ ਉਹ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਖਿਲਾਫ ਹਮਲਾਵਰ ਰਹਿੰਦੇ ਹਨ।