ਨਵੀਂ ਦਿੱਲੀ: ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਲੀਡਰ ਦੁਚਿੱਤੀ ਵਿੱਚ ਹਨ। ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਠਜੋੜ 'ਤੇ ਬਿਆਨ ਦੇ ਕੇ ਦੁਚਿੱਤੀ ਨੂੰ ਹੋਰ ਵਧਾ ਦਿੱਤਾ। ਮੈਨੀਫੈਸਟੋ ਲਾਂਚ ਕਰਦਿਆਂ ਰਾਹੁਲ ਨੇ 'ਆਪ' ਨਾਲ ਗਠਜੋੜ ਸਬੰਧੀ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਇਸ ਵਿੱਚ ਕੋਈ ਦੁਚਿੱਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਗਠਜੋੜ ਲਈ ਹਮੇਸ਼ਾ ਖੁੱਲ੍ਹੇ ਹਨ।
ਰਾਹੁਲ ਦੇ ਗਠਜੋੜ ਸਬੰਧੀ ਉਕਤ ਬਿਆਨ ਤੋਂ ਐਨ ਪਹਿਲਾਂ ਉਨ੍ਹਾਂ ਸ਼ੀਲਾ ਦੀਕਸ਼ਿਤ ਤੇ ਦਿੱਲੀ ਦੇ ਪਾਰਟੀ ਇੰਚਾਰਜ ਪੀਸੀ ਚਾਕੋ ਨਾਲ ਬੈਠਕ ਵੀ ਕੀਤੀ ਸੀ। ਯਾਦ ਰਹੇ ਪੀਸੀ ਚਾਕੋ ਇਸ ਗਠਜੋੜ ਦੇ ਹੱਕ ਵਿੱਚ ਹਨ ਜਦਕਿ ਸ਼ੀਲਾ ਦੀਕਸ਼ਿਤ ਵਿਰੋਧ ਕਰ ਰਹੇ ਹਨ। ਧਿਆਨ ਰਹੇ 'ਆਪ' ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਪਰ ਕਾਂਗਰਸ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ।
ਹਾਲਾਂਕਿ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨੇ ਟਿਕਟ ਸਬੰਧੀ ਆਪਣਾ ਫੈਸਲਾ ਸੁਣਾ ਦਿੱਤਾ ਹੈ। 'ਆਪ' ਨਾਲ ਗਠਜੋੜ ਦੇ ਪੱਖ ਵਿੱਚ ਖੜੇ ਮਾਕਨ ਨੇ ਕਿਹਾ ਹੈ ਕਿ ਜੇ ਕਾਂਗਰਸ ਦਾ 'ਆਪ' ਨਾਲ ਗਠਜੋੜ ਨਾ ਹੋਇਆ ਤਾਂ ਉਹ ਚੋਣਾਂ ਹੀ ਨਹੀਂ ਲੜਨਗੇ। ਉੱਧਰ ਹੁਣ ਸੰਦੀਪ ਦੀਕਸ਼ਿਤ ਨੇ ਵੀ ਕਹਿ ਦਿੱਤਾ ਹੈ ਕਿ ਉਹ ਚੋਣਾਂ ਨਹੀਂ ਲੜਨਗੇ। ਦਰਅਸਲ 'ਆਪ' ਨਾਲ ਗਠਜੋੜ ਦੇ ਕਈ ਪੇਚ ਫਸੇ ਹਨ। 'ਆਪ' ਕਾਂਗਰਸ ਨੂੰ ਮਹਿਜ਼ ਦੋ ਸੀਟਾਂ ਦੇਣੀਆਂ ਚਾਹੁੰਦੀ ਹੈ ਜਦਕਿ ਕਾਂਗਰਸ ਘੱਟੋ-ਘੱਟ 3 ਸੀਟਾਂ ਲੈਣ 'ਤੇ ਅੜੀ ਹੈ। 'ਆਪ' ਪੰਜਾਬ ਤੇ ਹਰਿਆਣਾ ਵਿੱਚ ਵੀ ਕਾਂਗਰਸ ਨਾਲ ਗਠਜੋੜ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਸਿਰਫ ਦਿੱਲੀ ਵਿੱਚ ਹੀ ਗਠਜੋੜ ਦੀ ਗੱਲ ਚਲਾ ਰਹੀ ਹੈ।
ਉੱਧਰ 'ਆਪ' ਵਿਧਾਇਕਾ ਅਲਕਾ ਲਾਂਬਾ ਨੇ ਟਵਿੱਟਰ 'ਤੇ ਇੱਕ ਜਵਾਬ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਵਿਧਾਨ ਸਭਾ ਕਾਂਗਰਸ ਦਾ ਗੜ੍ਹ ਰਹੀ ਹੈ। 3 ਵਾਰ 'ਆਪ' ਇਸ ਗੜ੍ਹ ਨੂੰ ਤੋੜਨ ਵਿੱਚ ਅਸਫਲ ਰਹੀ ਪਰ ਉਨ੍ਹਾਂ ਨੇ ਆ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਅੱਜ ਜੇ ਪਾਰਟੀ ਕਾਂਗਰਸ ਨਾਲ ਗਠਜੋੜ ਚਾਹੁੰਦੀ ਹੈ ਤੇ ਉਸ ਨੂੰ ਬੁਰਾ ਭਲਾ ਵੀ ਕਹਿ ਰਹੀ ਹੈ। ਉਨ੍ਹਾਂ ਲਿਖਿਆ ਕਿ ਮੈਂ ਅੱਜ 'ਆਪ' ਦੇ ਕਹਿਣ 'ਤੇ ਕਾਂਗਰਸ ਖਿਲਾਫ ਬੋਲਾਂ ਤੇ ਕੱਲ੍ਹ ਗਠਜੋੜ ਹੋਣ 'ਤੇ ਉਨ੍ਹਾਂ ਲਈ ਵੋਟਾਂ ਮੰਗਾਂ। ਪਹਿਲਾਂ AAP ਤੈਅ ਕਰ ਲਏ ਕਿ ਉਹ ਚਾਹੁੰਦੀ ਕੀ ਹੈ?