ਚੰਡੀਗੜ੍ਹ : ਹੁਣ ਤੁਹਾਡੀ ਵੋਟ ਵੀ ਆਧਾਰ ਨਾਲ ਲਿੰਕ ਹੋ ਜਾਵੇਗੀ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਚੋਣ ਵਿਭਾਗ ਅਗਸਤ ਤੋਂ ਆਪਣਾ ਡਾਟਾਬੇਸ ਤਿਆਰ ਕਰੇਗਾ। ਇਸ ਸਬੰਧੀ ਮੁੱਖ ਚੋਣ ਅਫ਼ਸਰ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਮੀਟਿੰਗ ਕੀਤੀ। 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਹਿੱਸੇ ਵਜੋਂ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਯੋਜਨਾ ਹੈ। ਆਧਾਰ ਲਿੰਕਿੰਗ 'ਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਚੋਣ ਵਿਭਾਗ ਕੋਲ ਅਗਲੇ ਮਹੀਨੇ ਸਾਫਟਵੇਅਰ ਹੋਵੇਗਾ, ਜਿਸ 'ਚ ਹਰ ਵੋਟਰ ਦਾ ਆਧਾਰ ਲਿੰਕ ਕੀਤਾ ਜਾਵੇਗਾ।

ਬੂਥ ਲੈਵਲ ਅਫ਼ਸਰ (BLOs) 1 ਅਗਸਤ ਤੋਂ ਚੰਡੀਗੜ੍ਹ ਭਰ ਵਿੱਚ ਰਜਿਸਟਰਡ ਵੋਟਰਾਂ ਤੋਂ ਆਧਾਰ ਇਕੱਤਰ ਕਰਨ ਦਾ ਕੰਮ ਸ਼ੁਰੂ ਕਰਨਗੇ। ਬੀਐਲਓ ਘਰ-ਘਰ ਜਾ ਕੇ ਆਧਾਰ ਨੰਬਰ ਇਕੱਠਾ ਕਰਨਗੇ। ਹਾਲ ਹੀ 'ਚ ਚੋਣ ਕਮਿਸ਼ਨ ਨੇ ਵੋਟਰ ਕਾਰਡ ਬਣਾਉਣ ਲਈ ਆਧਾਰ ਕਾਰਡ ਨੂੰ ਐਡਰੈੱਸ ਪਰੂਫ ਵਜੋਂ ਨੋਟੀਫਾਈ ਕੀਤਾ ਹੈ। ਚੋਣ ਕਮਿਸ਼ਨ ਨੇ ਪੁੱਛਿਆ ਕਿ ਚੋਣਾਂ ਦੌਰਾਨ ਕੁਝ ਬੂਥਾਂ 'ਤੇ ਵੋਟ ਪ੍ਰਤੀਸ਼ਤ ਕਿਉਂ ਘਟੀ ਪਤਾ ਲੱਗਾ ਹੈ ਕਿ ਜਿਨ੍ਹਾਂ ਬੂਥਾਂ ’ਤੇ ਪੁਲੀਸ ਦੇ ਘਰ ਜਾਂ ਬੈਂਕ ਮੁਲਾਜ਼ਮ ਹਨ, ਉਥੇ ਚੋਣਾਂ ਵਾਲੇ ਦਿਨ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਹੁੰਦੀ ਹੈ, ਜਿਸ ਕਾਰਨ ਸਬੰਧਤ ਬੂਥਾਂ ’ਤੇ ਵੋਟ ਪ੍ਰਤੀਸ਼ਤ ਬਾਕੀਆਂ ਨਾਲੋਂ ਘੱਟ ਰਹੀ। ਹਾਲਾਂਕਿ ਇਸ ਦਾ ਜਵਾਬ ਵਿਭਾਗ ਨੂੰ ਸੌਂਪਿਆ ਜਾਣਾ ਬਾਕੀ ਹੈ।

ਜੇਕਰ ਐਡਰੈੱਸ ਬਦਲਿਆ ਤਾਂ ਵੋਟਰ ਕਾਰਡ ਵੀ ਸ਼ਿਫਟ ਕਰਵਾ ਲਓ 



ਚੋਣ ਵਿਭਾਗ ਦੀ ਤਰਫੋਂ ਆਧਾਰ ਇਕੱਠਾ ਕਰਨ ਦੇ ਨਾਲ-ਨਾਲ ਪਤੇ ਬਦਲਣ ਵਾਲੇ ਲੋਕਾਂ ਦੀ ਪਛਾਣ ਲਈ ਮੁਹਿੰਮ ਚਲਾਈ ਜਾਵੇਗੀ। ਇਹ ਦੋਵੇਂ ਕੰਮ ਨਾਲੋ-ਨਾਲ ਕੀਤੇ ਜਾਣਗੇ। ਹਾਲ ਹੀ 'ਚ ਪ੍ਰਸ਼ਾਸਨ ਨੇ ਕਾਲੋਨੀ ਨੰਬਰ-4 ਨੂੰ ਹਟਾ ਦਿੱਤਾ ਸੀ, ਜਿੱਥੋਂ ਜ਼ਿਆਦਾਤਰ ਲੋਕ ਮਲੋਆ 'ਚ ਸ਼ਿਫਟ ਹੋ ਗਏ ਹਨ। ਉਨ੍ਹਾਂ ਦੇ ਵੋਟਰ ਕਾਰਡ ਵੀ ਨਵੇਂ ਪਤੇ 'ਤੇ ਸ਼ਿਫਟ ਕਰ ਦਿੱਤੇ ਗਏ ਹਨ ਪਰ ਕਈ ਅਜਿਹੇ ਲੋਕ ਹਨ ਜੋ ਵੱਖ-ਵੱਖ ਥਾਵਾਂ 'ਤੇ ਗਏ ਹੋਏ ਹਨ, ਜਿਨ੍ਹਾਂ ਦੇ ਵੋਟਰ ਕਾਰਡ ਅਜੇ ਵੀ ਕਲੋਨੀ ਦੇ ਪਤੇ 'ਤੇ ਹਨ।

ਚੋਣ ਵਿਭਾਗ ਨੇ ਕਿਹਾ ਹੈ ਕਿ ਲੋਕ ਆਪਣੀਆਂ ਵੋਟਾਂ ਸ਼ਿਫਟ ਕਰਵਾ ਲੈਣ। ਜੇਕਰ ਵੋਟ ਨਹੀਂ ਬਦਲੀ ਗਈ ਤਾਂ ਉਨ੍ਹਾਂ ਦੀ ਵੋਟ ਰੱਦ ਹੋ ਸਕਦੀ ਹੈ। ਇਸ ਦੇ ਲਈ ਵੋਟਰ ਇਸ ਮਹੀਨੇ ਅਤੇ ਅਗਲੇ ਮਹੀਨੇ ਵੋਟਰ ਹੈਲਪਲਾਈਨ ਮੋਬਾਈਲ ਐਪ ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ 'ਤੇ ਜਾ ਕੇ ਵੋਟ ਸ਼ਿਫਟ ਕਰਨ ਲਈ ਅਪਲਾਈ ਕਰ ਸਕਦੇ ਹਨ।