Eknath Shinde Goa Visit : ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਇੱਕ ਵਾਰ ਫਿਰ ਗੋਆ ਪਹੁੰਚ ਗਏ ਹਨ। ਜਿੱਥੇ ਉਹ ਸਾਰੇ ਬਾਗੀ ਵਿਧਾਇਕ ਮੌਜੂਦ ਹਨ, ਜਿਨ੍ਹਾਂ ਨੇ ਸ਼ਿੰਦੇ ਨਾਲ ਮਿਲ ਕੇ ਊਧਵ ਠਾਕਰੇ ਸਰਕਾਰ ਨੂੰ ਡੇਗਣ ਦਾ ਕੰਮ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਏਕਨਾਥ ਸ਼ਿੰਦੇ ਸਾਰੇ ਵਿਧਾਇਕਾਂ ਨੂੰ ਮੁੰਬਈ ਲੈ ਕੇ ਆਉਣਗੇ। ਇਸ ਤੋਂ ਪਹਿਲਾਂ ਇਨ੍ਹਾਂ ਸਾਰੇ ਵਿਧਾਇਕਾਂ ਦੀ ਗੋਆ ਵਿੱਚ ਮੀਟਿੰਗ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਏਕਨਾਥ ਸ਼ਿੰਦੇ ਗੋਆ ਗਏ ਸਨ ਪਰ ਉਨ੍ਹਾਂ ਦੇ ਸਾਥੀ ਵਿਧਾਇਕ ਉਥੇ ਹੀ ਰਹੇ ਪਰ ਹੁਣ ਵਿਧਾਇਕਾਂ ਦਾ ਫਲੋਰ ਟੈਸਟ ਅਤੇ ਸਪੀਕਰ ਦੀ ਚੋਣ ਤੋਂ ਪਹਿਲਾਂ ਮੁੰਬਈ ਪਰਤਣਾ ਜ਼ਰੂਰੀ ਹੋ ਗਿਆ ਹੈ।
ਵਿਧਾਨ ਸਭਾ ਸਪੀਕਰ ਦੀ ਕੀਤੀ ਜਾਵੇਗੀ ਚੋਣ
ਦੱਸਿਆ ਗਿਆ ਹੈ ਕਿ ਗੋਆ 'ਚ ਰੁਕੇ ਸ਼ਿੰਦੇ ਧੜੇ ਦੇ ਸਾਰੇ 50 ਵਿਧਾਇਕ ਦੁਪਹਿਰ 2 ਵਜੇ ਵਿਸ਼ੇਸ਼ ਚਾਰਟਰ ਜਹਾਜ਼ਾਂ ਰਾਹੀਂ ਮੁੰਬਈ ਲਈ ਰਵਾਨਾ ਹੋਣਗੇ, ਜਿਸ ਤੋਂ ਪਹਿਲਾਂ ਵਿਧਾਇਕ ਦੀਪਕ ਕੇਸਰਕਰ ਦੁਪਹਿਰ 12 ਵਜੇ ਪੀ.ਸੀ. ਕਰਨਗੇ। ਦੱਸ ਦੇਈਏ ਕਿ 3 ਜੁਲਾਈ ਐਤਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਪੀਕਰ ਦੀ ਚੋਣ ਹੋਣੀ ਹੈ, ਜਿਸ ਲਈ ਗੋਆ ਤੋਂ ਏਕਨਾਥ ਸ਼ਿੰਦੇ ਧੜੇ ਦੇ 50 ਵਿਧਾਇਕਾਂ ਨੂੰ (38 ਸ਼ਿਵ ਸੈਨਾ ਅਤੇ 12 ਆਜ਼ਾਦ) ਅੱਜ ਮੁੰਬਈ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਹੋਟਲ ਟ੍ਰਾਈਡੈਂਟ ਜਾਂ ਤਾਜ ਪ੍ਰੈਜ਼ੀਡੈਂਟ ਵਿੱਚ ਠਹਿਰਾਇਆ ਜਾ ਸਕਦਾ ਹੈ।
ਬਾਗੀਆਂ ਲਈ ਸਖ਼ਤ ਸੁਰੱਖਿਆ ਪ੍ਰਬੰਧ
ਜਾਣਕਾਰੀ ਮੁਤਾਬਕ ਬਾਗੀ ਵਿਧਾਇਕਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਸ ਦੇ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰ ਲਈਆਂ ਗਈਆਂ ਹਨ। ਊਧਵ ਠਾਕਰੇ ਨੂੰ ਕੁਰਸੀ ਤੋਂ ਨੀਚੇ ਉਤਾਰਨ ਤੋਂ ਬਾਅਦ ਇਨ੍ਹਾਂ ਸਾਰੇ ਬਾਗੀ ਵਿਧਾਇਕਾਂ ਨੂੰ ਸ਼ਿਵ ਸੈਨਿਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਗੁਹਾਟੀ ਤੋਂ ਗੋਆ ਤੱਕ ਵਿਧਾਇਕਾਂ ਨੂੰ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਗੋਆ ਦੇ ਇਨ੍ਹਾਂ ਬਾਗੀ ਵਿਧਾਇਕਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਖੂਬ ਨੱਚਦੇ ਨਜ਼ਰ ਆ ਰਹੇ ਸਨ।