Uddhav Thackeray Removes Eknath Shinde As Shiv Sena Leader : ਊਧਵ ਠਾਕਰੇ (Uddhav Thackeray) ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸ਼ਿਵ ਸੈਨਾ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿੰਦੇ ਨੂੰ ਲਿਖੇ ਪੱਤਰ 'ਚ ਸ਼ਿਵ ਸੈਨਾ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਉਨ੍ਹਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।


ਵੀਰਵਾਰ ਨੂੰ ਲਿਖੇ ਪੱਤਰ 'ਚ ਲਿਖਿਆ ਹੈ, ''ਸ਼ਿੰਦੇ ਨੇ ਵੀ ਆਪਣੀ ਮਰਜ਼ੀ ਨਾਲ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੱਤੀ ਹੈ, ਇਸ ਲਈ ਸ਼ਿਵ ਸੈਨਾ ਪਾਰਟੀ ਪ੍ਰਧਾਨ ਦੇ ਰੂਪ 'ਚ ਮੈਨੂੰ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੈਂ ਤੁਹਾਨੂੰ ਪਾਰਟੀ ਸੰਗਠਨ 'ਚ ਸ਼ਿਵ ਸੈਨਾ ਨੇਤਾ ਦੇ ਅਹੁਦੇ ਤੋਂ ਹਟਾ ਰਿਹਾ ਹਾਂ।'


ਦੱਸ ਦੇਈਏ ਕਿ ਕਰੀਬ ਦੋ ਹਫਤੇ ਪਹਿਲਾਂ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ 'ਚ ਬਗਾਵਤ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਵੀਰਵਾਰ (30 ਜੂਨ) ਨੂੰ ਉਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਸੀ। ਸ਼ਿੰਦੇ ਦੇ ਕੈਂਪ 'ਚ ਸ਼ਿਵ ਸੈਨਾ ਦੇ 39 ਵਿਧਾਇਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਸ਼ਿਵ ਸੈਨਾ ਉਨ੍ਹਾਂ ਦੀ ਹੈ।

ਹਾਲਾਂਕਿ ਸ਼ੁੱਕਰਵਾਰ ਨੂੰ ਊਧਵ ਠਾਕਰੇ ਨੇ ਸਪੱਸ਼ਟ ਕੀਤਾ ਕਿ ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ ਮੁੱਖ ਮੰਤਰੀ ਨਹੀਂ ਹਨ। ਮੌਜੂਦਾ ਸਥਿਤੀ ਮੁਤਾਬਕ ਊਧਵ ਠਾਕਰੇ ਦੇ ਡੇਰੇ 'ਚ 16 ਵਿਧਾਇਕ ਹਨ।

ABP ਨਿਊਜ਼ ਨੂੰ ਕੀ ਬੋਲੇ ਸ਼ਿੰਦੇ?


ਜਦੋਂ ਏਬੀਪੀ ਨਿਊਜ਼ ਨੇ ਸ਼ਿੰਦੇ ਤੋਂ ਊਧਵ ਠਾਕਰੇ ਦੇ ਬਿਆਨ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਸ਼ਿਵ ਸੈਨਾ ਅਤੇ ਭਾਜਪਾ ਦਾ ਮੁੱਖ ਮੰਤਰੀ ਹਾਂ। ਮੈਂ ਲੋਕਾਂ ਦੇ ਦਿਲਾਂ ਦਾ ਮੁੱਖ ਮੰਤਰੀ ਹਾਂ। ਮੈਂ ਹੁਣ ਸਪੱਸ਼ਟ ਤੌਰ 'ਤੇ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਅੱਗੇ ਗੱਲ ਕਰਾਂਗਾ।

'ਸਾਡੇ ਕੋਲ 170 ਵਿਧਾਇਕ ਹਨ'

ਏਕਨਾਥ ਸ਼ਿੰਦੇ ਨੇ 4 ਜੁਲਾਈ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਾਂਗੇ। ਸ਼ਿੰਦੇ ਨੇ ਕਿਹਾ, ''ਸਾਡੇ ਕੋਲ (ਭਾਜਪਾ ਸਮੇਤ) 170 ਵਿਧਾਇਕ ਹਨ ਅਤੇ ਇਹ ਅੰਕੜਾ ਵਧ ਰਿਹਾ ਹੈ। ਵਿਧਾਨ ਸਭਾ ਵਿੱਚ ਸਾਡੇ ਕੋਲ ਬਹੁਮਤ ਹੈ। ਅਸੀਂ ਮਹਾਰਾਸ਼ਟਰ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਫੈਸਲੇ ਲਵਾਂਗੇ।