Lok Sabha Elections 2024 : ਆਗਾਮੀ ਲੋਕ ਸਭਾ ਚੋਣਾਂ-2024 ਨੂੰ ਲੈ ਕੇ ਭਾਜਪਾ ਸਰਗਰਮ ਮੋਡ ਵਿੱਚ ਆ ਗਈ ਹੈ। ਇਸੇ ਕੜੀ ਵਿੱਚ ਸੋਮਵਾਰ (31 ਜੁਲਾਈ) ਨੂੰ ਪੀਐਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਜਿੱਤ ਦਾ ਮੰਤਰ ਦਿੱਤਾ ਅਤੇ ਚੋਣਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਐਨਡੀਏ ਸੰਸਦ ਮੈਂਬਰਾਂ ਦੀਆਂ ਇਹ ਮੀਟਿੰਗਾਂ 10 ਅਗਸਤ ਤੱਕ ਜਾਰੀ ਰਹਿਣਗੀਆਂ।
ਸੂਤਰਾਂ ਮੁਤਾਬਕ ਇਸ ਦੌਰਾਨ ਪੀ.ਐੱਮ ਮੋਦੀ ਨੇ ਕਿਹਾ, ''ਅਸੀਂ ਐੱਨ.ਡੀ.ਏ. ਸੁਆਰਥ ਲਈ ਨਹੀਂ ਸਗੋਂ ਤਿਆਗ ਦੀ ਭਾਵਨਾ ਨਾਲ ਬਣਾਇਆ ਹੈ। ਨਹੀਂ ਤਾਂ ਪੰਜਾਬ 'ਚ ਚੰਗੇ ਵਿਧਾਇਕਾਂ ਦੀ ਗਿਣਤੀ ਦੇ ਬਾਵਜੂਦ ਅਸੀਂ ਡਿਪਟੀ ਸੀ.ਐੱਮ.ਨਹੀਂ ਬਣਾਇਆ। ਓਥੇ ਹੀ ਬਿਹਾਰ 'ਚ ਜ਼ਿਆਦਾ ਵਿਧਾਇਕ ਸਾਡੇ ਸਨ। ਇਸ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।
ਉੱਤਰਾਖੰਡ ਵਾਇਰਲ ਵੀਡੀਓ ਦਾ ਕੀਤਾ ਜ਼ਿਕਰ
ਪੀਐਮ ਮੋਦੀ ਨੇ ਕਿਹਾ, "ਛੋਟੀਆਂ-ਛੋਟੀਆਂ ਘਟਨਾਵਾਂ ਵੱਡਾ ਬਦਲਾਅ ਜਾਂ ਮਾਹੌਲ ਬਦਲ ਸਕਦੀਆਂ ਹਨ।" ਉੱਤਰਾਖੰਡ ਵਿਧਾਨ ਸਭਾ ਚੋਣਾਂ ਦੌਰਾਨ ਇਕ ਬਜ਼ੁਰਗ ਮਹਿਲਾ ਦੀ ਵਾਇਰਲ ਹੋਈ ਵੀਡੀਓ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵੀਡੀਓ ਨੇ ਸੂਬੇ ਵਿੱਚ ਜਿੱਤ ਅਤੇ ਗੇਮ ਚੇਂਜਰ ਵਜੋਂ ਭੂਮਿਕਾ ਨਿਭਾਈ ਹੈ। ਪੀਐਮ ਮੋਦੀ ਨੇ ਕਿਹਾ, "ਉਸ ਵੀਡੀਓ ਵਿੱਚ ਇੱਕ ਉੱਤਰਾਖੰਡ ਦੀ ਇੱਕ ਬਜ਼ੁਰਗ ਔਰਤ ਨੇ ਕਿਹਾ ਸੀ ਕਿ ਮੇਰੇ ਬੇਟੇ ਮੇਰਾ ਧਿਆਨ ਨਹੀਂ ਰੱਖਦੇ ,ਪਰ ਦਿੱਲੀ ਵਿੱਚ ਮੇਰਾ ਇੱਕ ਬੇਟਾ ਬੈਠਾ ਹੈ ,ਜੋ ਮੇਰਾ ਧਿਆਨ ਰੱਖਦਾ ਹੈ।"
ਪ੍ਰਚਾਰ ਸੰਬੰਧੀ ਪ੍ਰਧਾਨ ਮੰਤਰੀ ਦੇ ਨਿਰਦੇਸ਼
ਪੀਐਮ ਨੇ ਕਿਹਾ, "ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਆਪਣੇ, ਕੇਂਦਰ ਅਤੇ ਰਾਜ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰੋ।" ਉਨ੍ਹਾਂ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਲਕਿਆਂ ਅਧੀਨ ਆਉਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ।
ਵਿਰੋਧੀ ਪਾਰਟੀਆਂ ਦੇ ਗੱਠਜੋੜ 'ਤੇ ਸਾਧਿਆ ਨਿਸ਼ਾਨਾ
ਇਸ ਬੈਠਕ 'ਚ ਪੀਐੱਮ ਮੋਦੀ ਨੇ ਵਿਰੋਧੀ ਪਾਰਟੀਆਂ ਦੇ ਗਠਜੋੜ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਯੂ.ਪੀ.ਏ. ਦਾ ਨਾਂ ਬਦਲ ਕੇ ਇੰਡੀਆ (INDIA) ਰੱਖਣ 'ਤੇ ਕਿਹਾ, 'ਇਸ ਨਾਲ ਉਨ੍ਹਾਂ ਦੇ ਪੁਰਾਣੇ ਕਾਰਜਕਾਲ ਦੇ ਪਾਪ ਨਹੀਂ ਛੁਪਣਗੇ।'
ਸੰਸਦ ਮੈਂਬਰਾਂ ਨੂੰ ਦੱਸਿਆ NDA ਦਾ ਇਤਿਹਾਸ
ਮੀਟਿੰਗ ਵਿੱਚ ਸੰਸਦ ਮੈਂਬਰਾਂ ਨੂੰ ਐਨਡੀਏ ਦੇ 25 ਸਾਲਾਂ ਦੇ ਇਤਿਹਾਸ ਬਾਰੇ ਦੱਸਿਆ ਗਿਆ। ਇੱਕ ਵੀਡੀਓ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਯੂਪੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਗਿਆ।
ਪੀਐਮ ਮੋਦੀ ਨੇ ਸੰਸਦ ਮੈਂਬਰਾਂ ਨਾਲ ਦੋ ਮੀਟਿੰਗਾਂ ਕੀਤੀਆਂ
ਪੀਐਮ ਮੋਦੀ ਨੇ ਅੱਜ ਐਨਡੀਏ ਸੰਸਦ ਮੈਂਬਰਾਂ ਨਾਲ ਦੋ ਮੀਟਿੰਗਾਂ ਕੀਤੀਆਂ। ਇੱਕ ਮੀਟਿੰਗ ਮਹਾਰਾਸ਼ਟਰ ਸਦਨ ਵਿੱਚ ਹੋਈ ਅਤੇ ਦੂਜੀ ਪਾਰਲੀਮੈਂਟ ਅਨੇਕਸੀ ਵਿੱਚ ਹੋਈ। ਪੀਐਮ ਮੋਦੀ ਨੇ ਪਹਿਲੇ ਗਰੁੱਪ ਵਿੱਚ ਯੂਪੀ (ਬ੍ਰਜ, ਪੱਛਮੀ ਅਤੇ ਕਾਨਪੁਰ-ਬੁੰਦੇਲਖੰਡ) ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਬੈਠਕ 'ਚ ਪੀਐੱਮ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੌਜੂਦ ਸਨ।
ਇਸ ਦੇ ਨਾਲ ਹੀ ਦੂਜੇ ਗਰੁੱਪ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ, ਪੱਛਮੀ ਬੰਗਾਲ ਅਤੇ ਝਾਰਖੰਡ ਦੇ ਐਨਡੀਏ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਬੈਠਕ 'ਚ ਉਨ੍ਹਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਇਸੇ ਤਰ੍ਹਾਂ ਹਰ ਰੋਜ਼ ਐਨਡੀਏ ਦੇ ਸੰਸਦ ਮੈਂਬਰਾਂ ਨਾਲ 2 ਮੀਟਿੰਗਾਂ ਹੋਣਗੀਆਂ, ਜਿਨ੍ਹਾਂ ਨੂੰ ਪੀਐਮ ਮੋਦੀ ਸੰਬੋਧਨ ਕਰਨਗੇ।