ਨਵੀਂ ਦਿੱਲੀ: ਲੋਕ ਸਭਾ ਜਲਦ ਹੀ ਪੇਪਰਲੈੱਸ ਤੇ ਹਾਈਟੈਕ ਹੋਣ ਜਾ ਰਹੀ ਹੈ। ਸਾਂਸਦਾਂ ਲਈ ਨਵੀਂ ਐਪ ਤਿਆਰ ਕੀਤੀ ਜਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਾਹਰਾਂ ਦੀ ਮਦਦ ਨਾਲ ਸਦਨ ਵਿੱਚ ਪੇਸ਼ ਹੋਣ ਵਾਲੇ ਬਿੱਲ ਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ।


ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ਵਿੱਚ ਪੇਸ਼ ਕੀਤੇ ਗਏ ਬਿੱਲਾਂ ਬਾਰੇ ਸੰਸਦ ਮੈਂਬਰਾਂ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣੂੰ ਕਰਵਾਉਣ ਲਈ ਮਾਹਰਾਂ ਦੀ ਮਦਦ ਲਈ ਜਾਵੇਗੀ। ਇਸ ਨਾਲ ਸਰਕਾਰ ਦੁਆਰਾ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲ ਦੇ ਪਿਛੋਕੜ ਤੇ ਵਿਸਤਾਰ ਬਾਰੇ ਬਿਹਤਰ ਸਮਝ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਮਿਲੇਗੀ।


1952 ਤੋਂ ਸਦਨ ਵਿੱਚ ਇਤਿਹਾਸਕ ਵਿਵਾਦਾਂ ਦਾ ਜ਼ਿਕਰ ਕਰਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜਲਦੀ ਹੀ ਸੰਸਦ ਮੈਂਬਰਾਂ ਦੀ ਸਹੂਲਤ ਲਈ ਇੱਕ ਐਪ ਵੀ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਵਾਦ-ਵਿਵਾਦ ਹਾਸਲ ਕਰਨ ਵਿੱਚ ਮਦਦ ਮਿਲੇਗੀ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦੂਰਦਰਸ਼ਨ ਦੇ ਰਿਕਾਰਡਾਂ ਬਾਰੇ ਵੀ ਖੋਜ ਕੀਤੀ ਜਾਏਗੀ।


ਓਮ ਬਿਰਲਾ ਨੇ ਇਹ ਵੀ ਦੱਸਿਆ ਕਿ ਇਸ ਨਾਲ ਕਰੋੜਾਂ ਰੁਪਏ ਦੀ ਬਚਤ ਹੋਏਗੀ ਤੇ ਕਾਗਜ਼ਾਂ ਦੀ ਵਰਤੋਂ ਵੀ ਘਟੇਗੀ। ਇਲੈਕਟ੍ਰਾਨਿਕ ਤੇ ਡਿਜੀਟਲ ਤਰੀਕਿਆਂ ਦੀ ਵਰਤੋਂ ਕਰਦਿਆਂ ਮੈਂਬਰਾਂ ਨੂੰ ਹਾਰਡ ਕਾਪੀਆਂ ਭੇਜਣ ਵਿੱਚ ਹੋਣ ਵਾਲੀ ਦੇਰੀ ਵੀ ਨਹੀਂ ਹੋਵੇਗੀ। ਹਾਲਾਂਕਿ ਮੈਂਬਰਾਂ ਨੂੰ ਸੰਸਦੀ ਪੇਪਰਾਂ ਦੀ ਈ-ਕਾਪੀ ਜਾਂ ਹਾਰਡ ਕਾਪੀ ਲੈਣ ਦਾ ਵਿਕਲਪ ਦਿੱਤਾ ਜਾਵੇਗਾ।