ਨਵੀਂ ਦਿੱਲੀ: ਲੋਕ ਸਭਾ ਵਿੱਚ ਅੱਜ ਕਾਂਗਰਸ ਦੇ ਸੰਸਦ ਮੈਂਬਰ ਹਬੀ ਈਡਨ ਤੇ ਪੀਐਨ ਪ੍ਰਥਾਪਨ ਅਤੇ ਲੋਕ ਸਭਾ ਦੇ ਮਾਰਸ਼ਲ ਦਰਮਿਆਨ ਹੋਈ ਧੱਕਾ-ਮੁੱਕੀ ਤੋਂ ਲੋਕ ਸਭਾ ਸਪੀਕਰ ਬੇਹੱਦ ਦੁਖੀ ਹਨ। ਸੂਤਰਾਂ ਮੁਤਾਬਕ ਜੇ ਇਨ੍ਹਾਂ ਸੰਸਦ ਮੈਂਬਰਾਂ ਦਾ ਵਿਹਾਰ ਭਵਿੱਖ ਵਿੱਚ ਵੀ ਸੰਸਦ ਦੇ ਵੱਕਾਰ ਦੇ ਅਨੁਕੂਲ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ 5 ਸਾਲਾਂ ਲਈ ਸਦਨ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ।


ਲੋਕ ਸਭਾ ਵਿੱਚ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਦੇ ਸੰਸਦ ਮੈਂਬਰ ਹੱਥ ਵਿਚ ਬੈਨਰ ਵਾਲਾ ਪੋਸਟਰ ਲੈ ਕੇ ਸਦਨ ਦੇ ਵੈਲ ਵੱਲ ਆ ਗਏ। ਉਨ੍ਹਾਂ ਨੇ ਆਪਣੇ ਹੱਥ ਵਿੱਚ ਵੱਡੇ ਪੋਸਟਰ ਤੇ ਬੈਨਰ ਫੜੇ ਹੋਏ ਸਨ। ਲੋਕ ਸਭਾ ਸਪੀਕਰ ਨੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਹੰਗਾਮਾ ਰੋਕਣ ਤੇ ਸੀਟ ‘ਤੇ ਜਾਣ ਦੀ ਹਦਾਇਤ ਕੀਤੀ ਪਰ ਹੰਗਾਮਾ ਲਗਾਤਾਰ ਵਧਦਾ ਹੀ ਗਿਆ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਨੇ 2 ਸੰਸਦ ਮੈਂਬਰਾਂ ਦੇ ਨਾਮ ਲਏ ਤੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ।


ਦੋਵੇਂ ਸੰਸਦ ਮੈਂਬਰ ਕੇਰਲਾ ਤੋਂ ਕਾਂਗਰਸ ਦੀ ਟਿਕਟ 'ਤੇ ਚੁਣ ਕੇ ਆਏ ਹਨ। ਦੋਵੇਂ ਮਹਾਰਾਸ਼ਟਰ ਵਿੱਚ ਰਾਤੋ ਰਾਤ ਬਣੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਦੀ ਸਰਕਾਰ ਦੇ ਗਠਨ ਬਾਰੇ ਸਦਨ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਪਰ ਉਨ੍ਹਾਂ ਦੀ ਕਾਰਗੁਜ਼ਾਰੀ ਲੋਕ ਸਭਾ ਜਾਂ ਸੰਸਦ ਦੇ ਨਿਯਮਾਂ ਅਨੁਕੂਲ ਨਹੀਂ ਸੀ। ਇਸ ਨਾਲ ਲੋਕ ਸਭਾ ਦੇ ਸਪੀਕਰ ਨੇ ਪਹਿਲਾਂ ਸੰਸਦ ਮੈਂਬਰਾਂ ਨੂੰ ਸਮਝਾਇਆ ਅਤੇ ਬਾਅਦ ਵਿਚ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ।


ਜਦੋਂ ਉਹ ਸੰਸਦ ਮੈਂਬਰ ਸਦਨ ਤੋਂ ਬਾਹਰ ਨਹੀਂ ਗਏ ਤਾਂ ਸਪੀਕਰ ਨੇ ਮਾਰਸ਼ਲ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਲਿਜਾਣ ਦੇ ਆਦੇਸ਼ ਦਿੱਤੇ। ਮਾਰਸ਼ਲ ਨੇ ਇਨ੍ਹਾਂ ਸੰਸਦ ਮੈਂਬਰਾਂ ਤੋਂ ਹੱਥਾਂ ਵਿੱਚ ਪੋਸਟਰ ਤੇ ਬੈਨਰ ਲੈਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਧੱਕਾ-ਮੁੱਕੀ ਹੋ ਗਈ। ਸਪੀਕਰ ਨੇ ਫਿਰ ਸਦਨ ਮੁਲਤਵੀ ਕਰ ਦਿੱਤਾ।