ਨਵੀਂ ਦਿੱਲੀ: ਆਈਐਨਐਕਸ ਮੀਡੀਆ ਘਪਲੇ ਦੇ ਮਾਮਲੇ ਵਿੱਚ ਘਿਰੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਲੀਡਰ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਜੱਜ ਐਨਵੀ ਰਾਮਨ ਨੇ ਚਿਦੰਬਰਮ ਦੀ ਫਾਈਲ ਚੀਫ਼ ਜਸਟਿਸ ਰੰਜਨ ਗੋਗੋਈ ਕੋਲ ਭੇਜ ਦਿੱਤੀ ਹੈ। ਹੁਣ ਵੇਖਣਾ ਇਹ ਹੈ ਕਿ ਚੀਫ਼ ਜਸਟਿਸ ਇਸ ਕੇਸ ਵਿੱਚ ਕੀ ਫੈਸਲਾ ਲੈਂਦੇ ਹਨ। ਉਨ੍ਹਾਂ ਨੂੰ ਰਾਹਤ ਮਿਲੇਗੀ ਜਾਂ ਨਹੀਂ।

ਮੁਸੀਬਤ ਵਿੱਚ ਫਸੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਲੀਡਰ ਪੀ ਚਿਦੰਬਰਮ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਸਮਰਥਨ ਮਿਲ ਗਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਪੀ ਚਿਦੰਬਰਮ ਨੇ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਵਜੋਂ ਸੇਵਾ ਕਰਦਿਆਂ ਦੇਸ਼ ਦੀ ਸੇਵਾ ਕੀਤੀ ਸੀ। ਉਨ੍ਹਾਂ ਵਿਰੁੱਧ ਗਲਤ ਤਰੀਕੇ ਨਾਲ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਤੇ ਮੈਂ ਉਨ੍ਹਾਂ ਦੇ ਸਮਰਥਨ ‘ਚ ਖੜੀ ਹਾਂ ਤੇ ਨਤੀਜਾ ਚਾਹੇ ਜੋ ਵੀ ਨਿਕਲੇ, ਸੱਚਾਈ ਸਾਹਮਣੇ ਆਉਣ ਤਕ ਉਨ੍ਹਾਂ ਨਾਲ ਰਹਾਂਗੀ।


ਦਰਅਸਲ ਸੀਬੀਆਈ 305 ਕਰੋੜ ਦੇ ਆਈਐਨਐਕਸ ਸੌਦੇ ਵਿੱਚ ਹੋਏ ਘਪਲੇ ਦੀ ਜਾਂਚ ਕਰ ਰਹੀ ਹੈ। ਚਿਦੰਬਰਮ 'ਤੇ ਸੌਦੇ 'ਚ 20 ਫੀਸਦ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਸੂਤਰਾਂ ਅਨੁਸਾਰ ਇੱਕ ਫੀਸਦੀ ਰਿਸ਼ਵਤ ਲੈਣ ਦਾ ਸਬੂਤ ਜਾਂਚ ਏਜੰਸੀਆਂ ਕੋਲ ਮੌਜੂਦ ਹੈ।





ਆਈਐਨਐਕਸ ਮੀਡੀਆ ਘਪਲੇ ਦੇ ਮਾਮਲੇ ਵਿੱਚ ਸੀਬੀਆਈ ਚਿਦੰਬਰਮ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੀ ਚਿਦੰਬਰਮ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਸੀਬੀਆਈ ਦੀ ਟੀਮ ਮੰਗਲਵਾਰ ਨੂੰ ਜੋਰ ਬਾਗ ਸਥਿਤ ਪੀ ਚਿਦੰਬਰਮ ਦੇ ਘਰ ਪਹੁੰਚੀ ਸੀ, ਪਰ ਚਿਦੰਬਰਮ ਘਰ ਨਹੀਂ ਮਿਲੇ।


ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਠੁਕਰਾ ਦਿੱਤਾ ਸੀ। ਚਿਦੰਬਰਮ ਗ੍ਰਿਫ਼ਤਾਰੀ ਤੋਂ ਰਾਹਤ ਲਈ ਸੁਪਰੀਮ ਕੋਰਟ ਪਹੁੰਚੇ। ਅੱਜ ਉਨ੍ਹਾਂ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ।