ਨਵੀਂ ਦਿੱਲੀ: ਸੀਬੀਆਈ ਵਿੱਚ ਇਤਿਹਾਸਕ ਕਲੇਸ਼ ਮੱਚਿਆ ਹੋਇਆ ਹੈ। ਸੰਸਥਾ ਦੇ ਮੁੱਖ ਦਫ਼ਤਰ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਦਫ਼ਤਰ ਦੇ 10ਵੀਂ ਤੇ 11ਵੀਂ ਮੰਜ਼ਲ ਨੂੰ ਵੀ ਸੀਜ਼ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਮੰਜ਼ਲਾਂ ’ਤੇ ਨਿਰਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦਾ ਦਫ਼ਤਰ ਹੈ।

ਫਿਲਹਾਲ ਕਿਸੇ ਨੂੰ ਵੀ ਸੀਬੀਆਈ ਹੈੱਡਕਵਾਰਟਰ ਵਿੱਚ ਆਉਣ-ਜਾਣ ਦੀ ਆਗਿਆ ਨਹੀਂ। ਆਹਲਾ ਅਧਿਕਾਰੀਆਂ ਨੂੰ ਵੀ ਬਾਹਰ ਹੀ ਰੋਕਿਆ ਗਿਆ ਹੈ। ਇਸ ਦੇ ਨਾਲ ਹੀ ਨਿਰਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਕੋਲੋਂ ਫੌਰੀ ਪ੍ਰਭਾਵ ਨਾਲ ਸਾਰੇ ਕੰਮਕਾਜ ਵਾਪਸ ਲੈ ਲਏ ਗਏ ਹਨ। ਜੁਆਇੰਟ ਨਿਰਦੇਸ਼ਕ ਨਾਗੇਸ਼ਵਰ ਰਾਵ ਨੂੰ ਅੰਤਰਿਮ ਨਿਰਦੇਸ਼ਕ ਬਣਾਇਆ ਗਿਆ ਹੈ।

ਪੀਐਮ ਮੋਦੀ ਦਾ ਸਿੱਧਾ ਦਖ਼ਲ

ਹਾਸਲ ਜਾਣਕਾਰੀ ਮੁਤਾਬਕ ਇਸ ਪੂਰੀ ਕਾਰਵਾਈ ਵਿੱਚ ਪ੍ਰਧਾਨ ਮੰਤਰੀ ਮੋਦੀ ਸਿੱਧਾ ਦਖ਼ਲ ਦੇ ਰਹੇ ਹਨ। ਕੱਲ੍ਹ ਸ਼ਾਮ ਨੂੰ ਹੀ ਇਸ ਪੂਰੀ ਕਾਰਵਾਈ ਦੀ ਯੋਜਨਾ ਬਣਾਈ ਗਈ ਸੀ। ਇਸ ਤਰੀਕੇ ਦੀ ਕਾਰਵਾਈ ਤੋਂ ਸਾਫ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੀ ਸਾਖ ਬਚਾਉਣ ਲਈ ਪ੍ਰਧਾਨ ਮੰਤਰੀ ਦਫ਼ਤਰ ਸਿੱਧੇ ਤੌਰ ’ਤੇ ਨਿਗਰਾਨੀ ਕਰ ਰਿਹਾ ਹੈ। ਸੀਬੀਆਈ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਵਾਰ ਹੋਇਆ ਹੈ ਜਦੋਂ ਸੀਬੀਆਈ ਦੇ ਆਪਣੇ ਹੀ ਦਫ਼ਤਰ ਵਿੱਚ ਰੇਡ ਪਾਉਣੀ ਪੈ ਰਹੀ ਹੈ।

DSP ਰਿਮਾਂਡ ’ਤੇ, ਅਸਥਾਨਾ ਕੋਲੋਂ ਹੋ ਸਕਦੀ ਪੁੱਛਗਿੱਛ

ਸੀਬੀਆਈ ਦੇ ਨੰਬਰ 1 ਆਲੋਕ ਵਰਮਾ ਨੇ ਨੰਬਰ 2 ਰਾਕੇਸ਼ ਅਸਥਾਨਾ ’ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ ਡੀਐਸਪੀ ਦੇਵੇਂਦਰ ਕੁਮਾਰ ਨੂੰ 7 ਦਿਨ ਦੀ ਰਿਮਾਂਡ ’ਤੇ ਲੈ ਲਿਆ ਹੈ। ਸੀਬੀਆਈ ਚਾਹੁੰਦੀ ਹੈ ਕਿ ਇਸ ਦੌਰਾਨ ਨੰਬਰ 2 ਅਸਥਾਨਾ ਖਿਲਾਫ ਜ਼ਿਆਦਾ ਤੋਂ ਜ਼ਿਆਦਾ ਸਬੂਤ ਇਕੱਠੇ ਕੀਤੇ ਜਾਣ ਜਿਸ ਨਾਲ ਆਗਾਮੀ ਸੋਮਵਾਰ ਨੂੰ ਹਾਈਕੋਰਟ ਵਿੱਚ ਹੋਣ ਵਾਲੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਪੇਸ਼ ਕੀਤਾ ਜਾ ਸਕੇ। ਇਸ ਨਾਲ ਨੰਬਰ 2 ਅਸਥਾਨਾ ਨੂੰ ਕੋਈ ਰਾਹਤ ਨਾ ਮਿਲ ਸਕੇ।