ਚੰਡੀਗੜ੍ਹ: ਉਜੈਨ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾ. ਰਾਜੂ ਨਦਾਰੀਆ ਦਾ ਕਥਿਤ ਤੌਰ ’ਤੇ ਨਰਸ ਨੂੰ ਚੁੰਮਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਬਾਰੇ ਨੋਟਿਸ ਲੈਂਦਿਆਂ ਐਤਵਾਰ ਨੂੰ ਸਿਵਲ ਸਰਜਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਜੈਨ ਜ਼ਿਲ੍ਹੇ ਦੇ ਕਲੈਕਟਰ ਸ਼ਸ਼ਾਂਕ ਮਿਸ਼ਰਾ ਨੇ ਦੱਸਿਆ ਕਿ ਅਧਿਕਾਰੀ ਲਈ ਕਿੱਸ ਕਰਨਾ ਠੀਕ ਗੱਲ ਨਹੀਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਨਦਾਰੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਕਲੈਕਟਰ ਨੇ ਦੱਸਿਆ ਕਿ ਮੁਅੱਤਲ ਕੀਤੇ ਸਿਵਲ ਸਰਜਨ ਦੀ ਥਾਂ ਨਵੀਂ ਨਿਯੁਕਤੀ ਕਰ ਲਈ ਗਈ ਹੈ। ਰਾਜੂ ਨਦਾਰੀਆ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ’ਤੇ ਹਨ। ਉਨ੍ਹਾਂ ਦਾ ਜਵਾਬ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਘਟਨਾ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ ਜਾਣਗੇ।
ਸੂਤਰਾਂ ਮੁਤਾਬਕ ਇਸ ਵੀਡੀਓ ਵਿੱਚ ਜੋ ਮਹਿਲਾ ਨਜ਼ਰ ਆ ਰਹੀ ਹੈ, ਉਹ ਨਰਸ ਹੈ । ਇਉਂ ਜਾਪਦਾ ਹੈ ਕਿ ਇਹ ਵੀਡੀਓ ਜ਼ਿਲ੍ਹਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿੱਚ ਬਣਾਈ ਗਈ ਹੈ। ਪਰ ਡਾਕਟਰ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪੁਲਿਸ ਨੂੰ ਵੀ ਕਿਸੇ ਨੇ ਹਾਲੇ ਤਕ ਸ਼ਿਕਾਇਤ ਨਹੀਂ ਕੀਤੀ।