ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨਗੇ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕੇਜਰੀਵਾਲ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਪਾਰਟੀ ‘ਆਪ’ ਵਾਰਾਣਸੀ ਤੋਂ ਕਿਸੇ ਹੋਰ ਮਜ਼ਬੂਤ ਉਮੀਦਵਾਰ ਨੂੰ ਜ਼ਰੂਰ ਮੈਦਾਨ ਵਿੱਚ ਉਤਾਰੇਗੀ।


‘ਆਪ’ ਦੇ ਬੁਲਾਰਾ ਤ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਪਿੱਛੇ ਉਨ੍ਹਾਂ ਕਾਰਨ ਦੱਸਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਤੇ ਆਪਣੇ ਰਾਜ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵਾਰਾਣਸੀ ਤੋਂ ਕੇਜਰੀਵਾਲ ਦੀ ਬਜਾਏ ਪਾਰਟੀ ਕਿਸੇ ਹੋਰ ਮਜ਼ਬੂਤ ਉਮੀਦਵਾਰ ਨੂੰ ਖੜ੍ਹਾ ਕਰੇਗੀ।

ਯਾਦ ਰਹੇ ਕਿ ਪਿਛਲੀ ਵਾਰ ਕੇਜਰੀਵਾਲ ਨੇ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਨਵੀਂ ਦਿੱਲੀ ਦੀ ਸੀਟ ਤੋਂ ਹਰਾਇਆ ਸੀ। ਉਸ ਦੇ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਮੌਜੂਦਾ ਪੀਐਮ ਮੋਦੀ ਖ਼ਿਲਾਫ਼ ਵਾਰਾਣਸੀ ਤੋਂ ਚੋਣਾਂ ਲੜੀਆਂ ਸੀ ਤੇ ਦੂਜੇ ਸਥਾਨ ’ਤੇ ਰਹੇ ਸੀ।