ਸੋਨੀਪਤ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗਊ ਮਾਤਾ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਖ਼ੂਬ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਤੇ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਸਾਰੀਆਂ ਪਾਰਟੀਆਂ ਨੂੰ ਗਊ ਮਾਤਾ ਯਾਦ ਆ ਜਾਂਦੀ ਹੈ ਪਰ ਜਦੋਂ ਉਸ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਪਾਰਟੀਆਂ ਪਿੱਛੇ ਹਟ ਜਾਂਦੀਆਂ ਹਨ। ਇਸੇ ਦੌਰਾਨ ਉਨ੍ਹਾਂ ਇਸ ਗਊਸ਼ਾਲਾ ਨੂੰ ਆਪਣੀ ਮਹੀਨੇ ਦੀ ਤਨਖ਼ਾਹ ਦਾਨ ਦੇਣ ਦਾ ਐਲਾਨ ਕੀਤਾ।
ਦਰਅਸਲ ਮੁੱਖ ਮੰਤਰੀ ਕੇਜਰੀਵਾਲ ਸੋਨੀਪਤ ਦੇ ਪਿੰਡ ਸੈਦਪੁਰ ਸਥਿਤ ਗਊਸ਼ਾਲਾ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਵਿੱਚ 4 ਲੱਖ ਗਊਸ਼ਾਲਾਵਾਂ ਹਨ ਪਰ ਇੱਥੇ ਪ੍ਰਤੀ ਗਾਂ ’ਤੇ 40 ਪੈਸੇ ਖ਼ਰਚ ਹੁੰਦੇ ਹਨ ਜਦਕਿ ਦਿੱਲੀ ਵਿੱਚ ਇਹ 40 ਰੁਪਏ ਹੈ। ਉਨ੍ਹਾਂ ਕੱਲ੍ਹ ਮਾਇਆਵਤੀ ਤੇ ਅਖ਼ਿਲੇਸ਼ ਦੀ ਸਾਂਝੀ ਪ੍ਰੈੱਸ ਦੇ ਸਵਾਲ ’ਤੇ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ- ਚੋਣਾਂ ਨੇੜੇ ਆਉਂਦੇ ਬਦਲੇ ਕੇਜਰੀਵਾਲ, ਗਾਂ ਦੀ ਪੂਜਾ ਕਰਨ ਪੁੱਜੇ ਗਊਸ਼ਾਲਾ
ਇਸ ਮੌਕੇ ਉਨ੍ਹਾਂ ਦਿੱਲੀ ਦੇ ਮੁਹੱਲਾ ਕਲੀਨਕ ਤੇ ਸਕੂਲਾਂ ਦੀ ਤਾਰੀਫ਼ ਕਰਦਿਆਂ ਬਵਾਨਾ ਵਿੱਚ ਬਣੀ ਗਊਸ਼ਾਲਾ ਦੇ ਵੀ ਸੋਹਲੇ ਗਾਏ। ਦੱਸ ਦੇਈਏ ਕਿ ਬੀਤੇ ਕੱਲ੍ਹ ਵੀ ਉਨ੍ਹਾਂ ਬਵਾਨਾ ਵਿੱਚ ਦਿੱਲੀ ਸਰਕਾਰ ਦੀ ਲਗਪਗ 36 ਏਕੜ ਵਿੱਚ ਫੈਲੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦਾ ਦੌਰਾ ਕੀਤਾ ਸੀ। ਸੈਦਪੁਰ ਗਊਸ਼ਾਲਾ ਨੂੰ ਤਨਖ਼ਾਹ ਦਾਨ ਦੇਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੰਦੇ ਦੇ ਨਾਂ ’ਤੇ ਆਪਣੀ ਤਨਖ਼ਾਹ ਦੇ ਸਕਦੇ ਹਨ, ਕਿਉਂਕਿ ਇਹ ਹਰਿਆਣਾ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਆਪ’ ਇੱਕ ‘ਫੱਕਰ’ ਪਾਰਟੀ ਹੈ ਕਿਉਂਕਿ ਉਨ੍ਹਾਂ ਦੋ ਨੰਬਰ ਤੋਂ ਇੱਕ ਪੈਸਾ ਨਹੀਂ ਕਮਾਇਆ।