ਜੋਧਪੁਰ: ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਦੀ ਮਹਿਲਾ ਏਜੰਟ ਨੇ ਜੈਸਲਮੇਰ ਮਿਲਟਰੀ ਸਟੇਸ਼ਨ ਦੇ ਹਥਿਆਰਬੰਦ ਯੂਨਿਟ ਦੇ ਸਿਪਾਹੀ ਸੋਮਵੀਰ ਸਮੇਤ ਫ਼ੌਜ ਦੇ 45 ਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਫ਼ੌਜੀਆਂ ਤੋਂ ਸੂਚਨਾ ਕਢਵਾਉਣ ਲਈ ਪੈਸਿਆਂ ਦੇ ਨਾਲ-ਨਾਲ ਉਹ ਉਨ੍ਹਾਂ ਨੂੰ ਵੀਡੀਓ ਕਾਲਿੰਗ ਰਾਹੀਂ ਨਗਨ ਨਾਚ ਨੱਚ ਕੇ ਵੀ ਖ਼ੁਸ਼ ਕਰਦੀ ਸੀ।


ਇਹ ਖ਼ੁਲਾਸਾ ਏਜੰਟ ਦੇ ਚੱਕਰਾਂ ਵਿੱਚ ਫਸ ਖ਼ੁਫ਼ੀਆ ਜਾਣਕਾਰੀ ਪਾਕਿ ਏਜੰਟ ਨੂੰ ਦੇਣ ਵਾਲੇ ਸਿਪਾਹੀ ਸੋਮਵੀਰ ਕੋਲੋਂ ਕੀਤੀ ਪੁੱਛਗਿੱਛ ਵਿੱਚ ਹੋਇਆ ਹੈ। ਸੋਮਵੀਰ ਨੂੰ ਦੋ ਦਿਨ ਪਹਿਲਾਂ ਆਫ਼ੀਸ਼ੀਅਲ ਸੀਕ੍ਰੇਟ ਐਕਟ ਤਹਿਤ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿ ਮਹਿਲਾ ਏਜੰਟ ਨੇ ਅਨਿਕਾ ਚੋਪੜਾ ਦੇ ਨਾਂ ਤੋਂ ਜਾਅਲੀ ਫੇਸਬੁੱਕ ਖਾਤਾ ਬਣਾਇਆ ਤੇ ਜਵਾਨਾਂ ਨਾਲ ਦੋਸਤੀ ਕਰ ਲਈ।


ਪ੍ਰਾਪਤ ਜਾਣਕਾਰੀ ਮੁਤਾਬਕ ਅਨਿਕਾ ਨੇ ਸਾਲ 2016 ਵਿੱਚ ਸੋਮਵੀਰ ਨੂੰ ਆਪਣੇ ਜਾਲ ਵਿੱਚ ਫਸਾਇਆ, ਜਿਸ ਮਗਰੋਂ ਫੇਸਬੁੱਕ 'ਤੇ ਮਿਊਚੂਅਲ ਫ੍ਰੈਂਡ ਲਿਸਟ ਵਿੱਚੋਂ ਉਸ ਦੇ ਸਾਥੀ ਫ਼ੌਜੀਆਂ ਤੇ ਹੋਰਨਾਂ ਨਾਲ ਵੀ ਦੋਸਤੀ ਗੰਢ ਲਈ। ਮਹਿਲਾ ਏਜੰਟ ਖ਼ੁਦ ਨੂੰ ਭਾਰਤੀ ਫ਼ੌਜ ਦੀ ਨਰਸਿੰਗ ਸੇਵਾ ਦੀ ਕੈਪਟਨ ਦੱਸਦੀ ਸੀ ਤੇ ਜਵਾਨਾਂ ਨਾਲ ਕਾਮੁਕਤਾ ਦੇ ਪ੍ਰਗਟਾਵੇ ਤੋਂ ਲੈ ਕੇ ਵਿਆਹ ਦਾ ਲਾਲਚ ਵੀ ਦਿੰਦੀ ਸੀ।

ਸੋਮਵੀਰ ਦੇ ਮੋਬਾਈਲ ਵਿੱਚੋਂ ਮਹਿਲਾ ਏਜੰਟ ਦੀਆਂ ਨਗਨ ਤਸਵੀਰਾਂ ਵੀ ਮਿਲੀਆਂ ਹਨ। ਉਹ ਸੋਮਵੀਰ ਦੀ ਯੂਨਿਟ ਦੇ ਹੀ 4-5 ਹੋਰ ਜਵਾਨਾਂ ਦੇ ਸੰਪਰਕ ਵਿੱਚ ਵੀ ਸੀ। ਜਦ ਉਸ ਨੇ ਫ਼ੌਜੀਆਂ ਤੋਂ ਖ਼ੁਫ਼ੀਆ ਜਾਣਕਾਰੀਆਂ ਪੁੱਛਣੀਆਂ ਸ਼ੁਰੂ ਕੀਤੀਆਂ ਤਾਂ ਦੋ-ਤਿੰਨ ਜਵਾਨਾਂ ਨੇ ਉਸ ਤੋਂ ਕਿਨਾਰਾ ਕਰ ਲਿਆ।

ਸੋਮਵੀਰ ਅਜਿਹਾ ਨਾ ਕਰ ਸਕਿਆ ਤੇ ਉਸ 'ਤੇ ਦੇਸ਼ ਵਿੱਚ ਤਿਆਰ ਹੋਏ ਅਰਜੁਨ ਟੈਂਕ ਨਾਲ ਕੀਤੇ ਜਾਣ ਵਾਲੇ ਜੰਗੀ ਅਭਿਆਸ ਪਾਕਿਸਤਾਨੀ ਏਜੰਟ ਨਾਲ ਸਾਂਝੀ ਕਰਨ ਦਾ ਇਲਜ਼ਾਮ ਹਨ, ਜਿਸ ਬਦਲੇ ਉਸ ਨੂੰ 5,000 ਰੁਪਏ ਵੀ ਮਿਲੇ ਸਨ। ਹੁਣ ਇਸ ਮਾਮਲੇ ਦੀ ਜਾਂਚ ਫ਼ੌਜ ਖ਼ੁਫੀਆ (ਐਮਆਈ) ਦੀ ਜੋਧਪੁਰ ਯੂਨਿਟ, ਰਾਜਸਥਾਨ ਸੀਆਈਡੀ ਤੇ ਹੋਰ ਖ਼ੁਫ਼ੀਆ ਏਜੰਸੀਆਂ ਕਰ ਰਹੀਆਂ ਹਨ।