ਛਿੰਦਵਾੜਾ: ਸ਼ਿਵਰਾਜ ਕੈਬਨਿਟ ਵਿੱਚ ਮੰਤਰੀ ਦਾ ਦਰਜਾ ਹਾਸਲ ਮੱਧ ਪ੍ਰਦੇਸ਼ ਸਮਾਜ ਕਲਿਆਣ ਬੋਰਡ ਦੀ ਪ੍ਰਧਾਨ ਪਦਮਾ ਸ਼ੁਕਲਾ ਨੇ ਸੂਬੇ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਦੇ ਸੂਬਾਈ ਪ੍ਰਧਾਨ ਕਮਲਨਾਥ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਬਾਅਦ ਸ਼ੁਕਲਾ ਨੇ ਕਿਹਾ ਕਿ ਉਹ ਸੱਚਾਈ ਦਾ ਸਾਥ ਦੇ ਰਹੇ ਹਨ। ਪੂਰੇ ਸੂਬੇ ਦੀ ਤਸਵੀਰ ਨੂੰ ਸਾਹਮਣੇ ਰੱਖਦਿਆਂ ਉਹ ਕਾਂਗਰਸ ਦਾ ਸਾਥ ਦੇ ਰਹੇ ਹਨ।



ਸੂਬਾ ਸਰਕਾਰ ਨੇ ਤਿੱਖਾ ਵਾਰ ਕਰਦਿਆਂ ਸ਼ੁਕਲਾ ਨੇ ਕਿਹਾ ਕਿ ਸੂਬਾ ਬੇਰੁਜ਼ਗਾਰੀ, ਬਲਾਤਕਾਰ ਤੇ ਕੁਪੋਸ਼ਣ ਵਿੱਚ ਨੰਬਰ ਵੰਨ ਹੈ। ਕਾਂਗਰਸ ਮੱਧ ਪ੍ਰਦੇਸ਼ ਵਿੱਚ ਨਵਾਂ ਨਕਸ਼ਾ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਕਾਂਗਰਸ ਨਾਲ ਵੀ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਦੇ ਬਿਆਨਾਂ ਤੋਂ ਲੱਗਿਆ ਕਿ ਉਹ ਬੀਜੇਪੀ ਤੋਂ ਖ਼ੁਸ਼ ਨਹੀਂ ਸਨ।

ਜ਼ਿਕਰਯੋਗ ਹੈ ਕਿ ਪਦਮਾ ਸ਼ੁਕਲਾ ਨੂੰ ਜ਼ਿਲ੍ਹਾ ਕਟਨੀ ਦੀ ਵਿਜੈਰਾਘਵਗੜ੍ਹ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੀ ਦਿੱਗਜ ਲੀਡਰ ਮੰਨਿਆ ਜਾਂਦਾ ਹੈ। 2013 ਵਿੱਚ ਚੋਣਾਂ ਵਿੱਚ ਉਹ ਵਿਜੈਰਾਘਵਗੜ੍ਹ ਵਿਧਾਨ ਸਭਾ ਤੋਂ ਬੀਜੇਪੀ ਦੀ ਉਮੀਦਵਾਰ ਸਨ ਤੇ ਕਾਂਗਰਸ ਦੇ ਸੰਜੈ ਪਾਠਕ ਨੇ ਉਨ੍ਹਾਂ ਨੂੰ ਚੋਣਾਂ ਵਿੱਚ ਮਾਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਪਦਮਾ ਸ਼ੁਕਲਾ ਨੇ ਅਸਤੀਫ਼ਾ ਵੀ ਸੰਜੈ ਪਾਠਕ ਦੇ ਵਿਰੋਧ ਕਰਨ ਕਰਕੇ ਹੀ ਦਿੱਤਾ ਹੈ।